ਕੋਵਿਡ ਦੇ ਮੱਦੇਨਜ਼ਰ ਮਾਲੇਰਕੋਟਲਾ ਜ਼ਿਲ੍ਹੇ ’ਚ 15 ਫਰਵਰੀ ਤੱਕ ਪਾਬੰਦੀਆਂ ’ਚ ਵਾਧਾ
Wednesday, Feb 09, 2022 - 04:55 PM (IST)
ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) : ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਤੋਂ ਪ੍ਰਾਪਤ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਮੈਜਿਸਟ੍ਰੇਟ ਮਾਧਵੀ ਕਟਾਰੀਆ ਵੱਲੋਂ ਜ਼ਿਲ੍ਹਾਮਾਲੇਰਕੋਟਲਾ ਵਿਖੇ 15 ਫਰਵਰੀ 2022 ਤੱਕ ਕੋਵਿਡ-19 ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਐਪੀਡੈਮਿਕ ਡਿਸੀਜ਼ ਐਕਟ 1897 ਦੇ ਐਕਟ ਨੰਬਰ 2 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਸੀ. ਆਰ. ਪੀ. ਸੀ. 1973 ਦੀ ਧਾਰਾ-144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਜੋ ਪਾਬੰਦੀਆਂ 6 ਫਰਵਰੀ ਤੱਕ ਲਗਾਈਆਂ ਗਈਆਂ ਸਨ, ਉਨ੍ਹਾਂ ਨੂੰ ਵਧਾ ਕੇ 15 ਫਰਵਰੀ-2022 ਤੱਕ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਕਟਾਰੀਆ ਨੇ ਕੋਵਿਡ-19 ਦੇ ਖ਼ਤਰੇ ਦੇ ਮੱਦੇਨਜ਼ਰ ਇਕ ਵਿਸ਼ੇਸ਼ ਹੁਕਮ ਜਾਰੀ ਕਰ ਕੇ ਜ਼ਿਲ੍ਹੇ ’ਚ ਪਹਿਲਾਂ ਤੋਂ ਲਾਗੂ ਪਾਬੰਦੀਆਂ ਅਗਲੇ ਹੁਕਮਾਂ ਤੱਕ ਵਧਾ ਦਿੱਤੀਆਂ ਹਨ। ਇਸ ਤੋਂ ਬਿਨਾਂ ਅੰਦਰ (ਇੰਡੋਰ) 500 ਲੋਕਾਂ ਦੇ ਅਤੇ ਬਾਹਰ (ਆਊਟਡੋਰ) 1000 ਤੋਂ ਵੱਧ ਲੋਕਾਂ ਦੇ ਇਕੱਠ ਕਰਨ ’ਤੇ ਵੀ ਰੋਕ ਲਗਾਈ ਗਈ ਹੈ। ਇਹ ਇਕੱਠ ਵੀ ਕੋਵਿਡ ਸਬੰਧੀ ਲਾਗੂ ਪ੍ਰੋਟੋਕਾਲ ਦੀ ਪਾਲਣਾ ਨਾਲ ਹੀ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਅਤੇ ਕੰਮ ਦੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਤਕ ਥਾਵਾਂ ’ਤੇ ਸਮਾਜਿਕ ਦੂਰੀ ਰੱਖਣ ਅਤੇ 6 ਫੁੱਟ ਦੀ ਦੂਰੀ ਰੱਖਣ ਲਈ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ’ਚ ਯੂਨੀਵਰਸਿਟੀਆਂ, ਕਾਲਜ (ਸਮੇਤ ਮੈਡੀਕਲ ਅਤੇ ਨਰਸਿੰਗ ਕਾਲਜ), ਸਕੂਲ (6ਵੀਂ ਜਮਾਤ ਤੋਂ ਉੱਪਰ ਦੀਆਂ ਜਮਾਤਾਂ), ਪੋਲੀਟੈਕਨਿਕ ਕਾਲਜਾਂ, ਆਈ. ਟੀ. ਆਈ., ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਤੇ ਸਿਖਲਾਈ ਸੰਸਥਾਵਾਂ (ਭਾਵੇਂ ਸਰਕਾਰੀ ਜਾਂ ਪ੍ਰਾਈਵੇਟ) ਨੂੰ 7 ਫਰਵਰੀ ਤੋਂ ਖੋਲ੍ਹਣ ਦੀ ਇਜਾਜ਼ਤ ਇਸ ਸ਼ਰਤ ’ਤੇ ਦਿੱਤੀ ਗਈ ਹੈ ਕਿ ਕੋਵਿਡ-19 ਉਚਿਤ ਵਿਵਹਾਰ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਗੇ।
ਵਿਦਿਅਕ ਸੰਸਥਾਵਾਂ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਕੋਵਿਡ-19 ਸੰਬੰਧੀ ਟੀਕਾਕਰਨ ਦੀ ਸਲਾਹ ਦੇ ਸਕਦੀਆਂ ਹਨ। ਜਿਹੜੇ ਵਿਦਿਆਰਥੀ ਆਨਲਾਈਨ ਕਲਾਸ ਲਾਉਣ ਦੇ ਇੱਛੁਕ ਹੋਣਗੇ, ਉਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਹੁਕਮਾਂ ਤਹਿਤ ਸਾਰੇ ਬਾਰ, ਸਿਨੇਮਾ, ਮਲਟੀਪਲੈਕਸ, ਮਾਲ, ਰੈਸਟੋਰੈਂਟ ਨੂੰ 50 ਫ਼ੀਸਦੀ ਸਮਰੱਥਾ ਨਾਲ ਹੀ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ, ਬਸ਼ਰਤੇ ਸਾਰਾ ਸਟਾਫ਼ ਪੂਰੀ ਤਰ੍ਹਾਂ ਵੈਕਸੀਨੇਟਰ ਹੋਵੇ। ਏ. ਸੀ. ਬੱਸਾਂ 50 ਫ਼ੀਸਦੀ ਸਮਰੱਥਾ ਨਾਲ ਹੀ ਚੱਲ ਸਕਣਗੀਆਂ।