...ਤੇ ਹੁਣ 20 ਮਿੰਟਾਂ ''ਚ ਆ ਜਾਵੇਗੀ ''ਕੋਰੋਨਾ ਵਾਇਰਸ'' ਦੀ ਰਿਪੋਰਟ
Thursday, Apr 16, 2020 - 04:35 PM (IST)
ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਦਾ ਕਹਿਰ ਅੱਜ ਪੂਰੀ ਦੁਨੀਆਂ 'ਤੇ ਮੰਡਰਾ ਰਿਹਾ ਹੈ ਅਤੇ ਲੱਖਾ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਨਾਲ ਨਜਿੱਠਣ ਲਈ 10 ਲੱਖ ਰੈਪਿਡ ਕਿੱਟਾ ਚਾਈਨਾ ਤੋਂ ਖਰੀਦ ਕੇ ਮੰਗਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ ਇਨ੍ਹਾਂ ਕਿੱਟਾ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਨ੍ਹਾਂ 10 ਲੱਖ ਰੈਪਿਡ ਨਾਲ 1 ਕਰੋੜ ਲੋਕਾਂ ਦੇ ਟੈਸਟ ਕੀਤੇ ਜਾ ਸਕਣਗੇ।
ਇਸ ਨਾਲ ਸੈਂਪਲਾਂ ਦੀ ਰਿਪੋਰਟ ਆਉਣ 'ਚ ਜੋ 24 ਘੰਟੇ ਤੋਂ ਵੀ ਵੱਧ ਦਾ ਸਮਾ ਲੱਗਦਾ ਹੈ, ਹੁਣ ਉਸ ਤੋ ਨਿਜਾਤ ਮਿਲੇਗੀ ਅਤੇ ਰਿਪੋਰਟ ਹੁਣ ਸਿਰਫ 20 ਮਿੰਟਾਂ 'ਚ ਆ ਜਾਇਆ ਕਰੇਗੀ। ਇਥੇ ਇਹ ਵਰਣਨਯੋਗ ਹੈ ਕਿ ਇਨ੍ਹਾਂ 10 ਲੱਖ ਕਿੱਟਾ 'ਚੋਂ 1 ਹਜ਼ਾਰ ਰੈਪਿਡ ਕਿੱਟਾ ਦੀ ਪਹਿਲੀ ਖੇਪ ਮੋਹਾਲੀ ਪੁੱਜ ਚੁੱਕੀ ਹੈ, ਜਿਸ ਨੂੰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੋਹਾਲੀ ਦੇ ਸਿਵਲ ਸਰਜਨ ਡਾ ਮਨਜੀਤ ਸਿੰਘ ਅਤੇ ਜ਼ਿਲਾ ਮੋਹਾਲੀ ਦੇ ਹੋਰਨਾ ਹੈੱਲਥ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਸ਼ੁਰੂਆਤੀ ਦੌਰ 'ਚ ਦਿੱਲੀ ਸਥਿਤ ਏਮਜ਼ ਇੰਸਟੀਚਿਊਟ ਨੂੰ ਸੈਂਪਲ ਹਵਾਈ ਜਹਾਜ਼ ਰਾਹੀਂ ਭੇਜੇ ਜਾਂਦੇ ਸਨ ਪਰ ਹੁਣ ਪੀ. ਜੀ. ਆਈ. ਚੰਡੀਗੜ੍ਹ ਨੂੰ ਸੈਂਪਲ ਭੇਜੇ ਜਾਂਦੇ ਹਨ ਅਤੇ ਪੰਜਾਬ 'ਚ ਲਗਾਤਾਰ ਸੈਂਪਲਿੰਗ ਵਧ ਰਹੀ ਹੈ ਅਤੇ ਹੁਣ ਇਨ੍ਹਾਂ ਰੈਪਿਡ ਕਿੱਟਾਂ ਦੀ ਮਦਦ ਨਾਲ ਸੈਂਪਲਾਂ ਦੀ ਰਿਪੋਰਟ ਜਲਦੀ ਆ ਜਾਇਆ ਕਰੇਗੀ। ਚਾਈਨਾ ਤੋਂ ਮੰਗਵਾਈਆਂ ਜਾ ਰਹੀਆਂ ਇਨ੍ਹਾਂ 10 ਲੱਖ ਰੈਪਿਡ ਕਿੱਟਾਂ ਦੀ ਖਰੀਦ ਸਬੰਧੀ ਪਿਛਲੇ ਹਫਤੇ ਬਾਕਾਇਦਾ ਟੈਂਡਰ ਹੋਇਆ ਸੀ ਅਤੇ ਇਨ੍ਹਾਂ ਕਿੱਟਾ ਦੇ ਨਾਲ 1 ਕਰੋੜ ਲੋਕਾਂ ਦਾ ਟੈਸਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਚੀਨ ਤੋਂ ਖਰੀਦੀਆਂ ਗਈਆਂ ਰੈਪਿਡ ਕਿੱਟਾ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਰੈਪਿਡ ਕਿੱਟਾਂ ਦੀ ਮਦਦ ਨਾਲ ਹੁਣ ਸੈਂਪਲਾਂ ਦੀ ਰਿਪੋਰਟ ਸਿਰਫ 20 ਮਿੰਟ 'ਚ ਆ ਜਾਇਆ ਕਰੇਗੀ।