ਚੰਡੀਗੜ੍ਹ ''ਚੋਂ ਖਤਮ ਹੋਵੇਗਾ ''ਕੋਰੋਨਾ'' ਦਾ ਕਹਿਰ, ਅਗਲੇ 8 ਦਿਨ ਬਹੁਤ ਅਹਿਮ!
Thursday, Apr 09, 2020 - 11:32 AM (IST)
ਚੰਡੀਗੜ੍ਹ (ਅਰਚਨਾ) : ਚੰਡੀਗੜ੍ਹ ਲਈ ਆਉਣ ਵਾਲੇ 8 ਦਿਨ ਬਹੁਤ ਅਹਿਮ ਹਨ। ਪਿਛਲੇ 10 ਦਿਨਾਂ ਤੋਂ ਸ਼ਹਿਰ 'ਚ ਇਕ ਵੀ ਕੋਰੋਨਾ ਪਾਜ਼ੇਟਿਵ ਕੇਸ ਨਹੀਂ ਆਇਆ, ਜੇਕਰ ਇਸੇ ਤਰ੍ਹਾਂ ਆਉਣ ਵਾਲੇ 8 ਦਿਨ ਵੀ ਕੋਰੋਨਾ ਨੈਗੇਟਿਵ ਰਹਿੰਦੇ ਹਨ ਤਾਂ ਚੰਡੀਗੜ੍ਹ ਤੋਂ ਕੋਰੋਨਾ ਦਾ ਕਹਿਰ ਖਤਮ ਹੋ ਸਕਦਾ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਚੰਡੀਗੜ੍ਹ ਦੀ ਸਿਹਤ ਨੂੰ ਲੈ ਕੇ ਉਮੀਦ ਜਤਾਈ ਹੈ ਕਿ ਜੇਕਰ ਲੋਕ ਇਕ-ਦੂਜੇ ਦੇ ਸੰਪਰਕ 'ਚ ਨਾ ਆਉਣ ਅਤੇ ਸਾਵਧਾਨੀ ਵਰਤਦੇ ਰਹਿਣ ਤਾਂ ਚੰਡੀਗੜ੍ਹ ਇਸ ਕਹਿਰ ਤੋਂ ਬਾਹਰ ਆ ਜਾਵੇਗਾ, ਜੇਕਰ ਵਾਇਰਸ ਨੂੰ ਕੋਈ ਨਵਾਂ ਸਰੀਰ ਹਮਲੇ ਲਈ ਨਹੀਂ ਮਿਲੇਗਾ ਤਾਂ ਇਹ ਵਾਇਰਸ ਖੁਦ ਹੀ ਦਮ ਤੋੜ ਦੇਵੇਗਾ।
ਇਹ ਵੀ ਪੜ੍ਹੋ : ਲੁਧਿਆਣਾ 'ਚ 3 ਸ਼ੱਕੀ ਔਰਤਾਂ ਦੀ ਇਲਾਜ ਦੌਰਾਨ ਮੌਤ, ਸਿਹਤ ਵਿਭਾਗ 'ਚ ਮਚੀ ਹਲਚਲ
ਪ੍ਰੋ. ਜਗਤਰਾਮ ਨੇ ਦੂਜੇ ਪਾਸੇ ਇਹ ਵੀ ਕਿਹਾ ਕਿ ਪੀ. ਜੀ. ਆਈ. ਹਰ ਹਾਲਤ 'ਚ ਜੰਗ ਲੜਨ ਲਈ ਤਿਆਰ ਹੈ। ਆਈ. ਸੀ. ਐਮ. ਆਰ. ਨੇ ਵੀ ਪੀ. ਜੀ. ਆਈ. ਨੂੰ ਕਿੱਟਾਂ ਭੇਜ ਦਿੱਤੀਆਂ ਹਨ ਅਤੇ ਆਪਣੇ ਪੱਧਰ 'ਤੇ ਵੀ ਸੰਸਥਾਨ ਨੇ ਕੋਰੋਨਾ ਟੈਸਟ ਲਈ ਕਿੱਟਾਂ, ਡਾਕਟਰ, ਨਰਸਾਂ ਲਈ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ ਦੀ ਖਰੀਦਦਾਰੀ ਕਰ ਲਈ ਹੈ। ਪੀ. ਜੀ. ਆਈ. ਦੇ ਇੰਟੈਂਸਿਵ ਕੇਅਰ ਯੂਨਿਟ ਅਤੇ ਕੁਆਰੰਟਾਈਨ ਸੈਕਸ਼ਨ ਪੂਰੀ ਤਰ੍ਹਾਂ ਨਾਲ ਤਿਆਰ ਹਨ। ਡਾਕਟਰਾਂ ਦੀ ਟੀਮ ਮਰੀਜ਼ਾਂ ਦੀ ਸੇਵਾ 'ਚ ਤਾਇਨਾਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ 'ਚ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ, ਇਸ ਕਾਰਨ ਉੱਥੇ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੀ. ਜੀ. ਆਈ. ਦੀ ਲੈਬ 'ਚ ਜੋ ਟੈਸਟ ਕੀਤੇ ਗਏ ਹਨ, ਉਨ੍ਹਾਂ 'ਚ ਕੋਰੋਨਾ ਪਾਜ਼ੇਟਿਵ ਰਿਪੋਰਟਾਂ 'ਚ ਪੰਜਾਬ ਪਹਿਲੇ, ਹਰਿਆਣਾ ਦੂਜੇ ਅਤੇ ਹਿਮਾਚਲ ਪ੍ਰਦੇਸ਼ ਤੀਜੇ ਸਥਾਨ 'ਤੇ ਰਿਹਾ ਹੈ ਅਤੇ ਚੰਡੀਗੜ੍ਹ ਦਾ ਸਥਾਨ ਸਭ ਤੋਂ ਬਾਅਦ 'ਚ ਆਉਂਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
ਮੋਹਾਲੀ 'ਚ ਪੰਜਵੇਂ ਮਰੀਜ਼ ਨੇ ਦਿੱਤੀ ਕੋਰੋਨਾ ਨੂੰ ਮਾਤ
ਚੰਡੀਗੜ੍ਹ ਦੇ ਸੈਕਟਰ-21 ਦੀ ਪਹਿਲੀ ਕੋਰੋਨਾ ਮਰੀਜ਼ ਦੀ ਦੋਸਤ ਮੋਹਾਲੀ ਦੇ ਫੇਜ਼-5 ਵਾਸੀ ਨੇ ਵੀ ਕੋਰੋਨਾ ਦੀ ਜੰਗ ਜਿੱਤ ਲਈ ਹੈ। ਉਹ ਉਕਤ ਲੜਕੀ ਨੂੰ ਲੈਣ ਲਈ ਦਿੱਲੀ ਏਅਰਪੋਰਟ ਗਈ ਸੀ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਬੁੱਧਵਾਰ ਨੂੰ ਫੇਜ਼-5 ਵਾਸੀ 24 ਸਾਲਾ ਕੁੜੀ 20 ਦਿਨ ਦੇ ਇਲਾਜ ਤੋਂ ਬਾਅਦ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤ ਆਈ ਹੈ। ਮੋਹਾਲੀ 'ਚ ਹੁਣ ਤੱਕ 5 ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਉੱਥੇ ਹੀ ਲੜਕੀ ਦਾ ਇਲ਼ਾਜ ਕਰਨ ਵਾਲੇ ਡਾ. ਰਾਜਿੰਦਰਾ ਭੂਸ਼ਣ ਨੇ ਕਿਹਾ ਕਿ ਪੀੜਤ ਲੜਕੀ ਦੇ ਚਿਹਰੇ 'ਤੇ ਉਸ ਨੇ ਇਕ ਵਾਰ ਵੀ ਡਰ ਨਹੀਂ ਦੇਖਿਆ, ਉਹ ਹਰ ਸਮੇਂ ਮੁਸਕੁਰਾਉਂਦੀ ਰਹੀ। ਉਨ੍ਹਾਂ ਕਿਹਾ ਕਿ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਫਿਰ ਵੀ ਉਸ ਨੂੰ 14 ਦਿਨ ਤੱਕ ਘਰ 'ਚ ਕੁਆਰੰਟਾਈਨ ਰਹਿਣ ਲਈ ਕਿਹਾ ਗਿਆ ਹੈ। ਲੜਕੀ ਨੇ ਇਲਾਜ ਕਰਨ ਵਾਲੇ ਡਾਕਟਰ ਅਤੇ ਸਟਾਫ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਹੀ ਮੇਰੇ ਲਈ ਭਗਵਾਨ ਹੋ, ਕਿਉਂਕਿ ਉਸ ਨੂੰ ਇਸ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਉਣ ਲਈ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ, ਜਿਸ ਨੂੰ ਉਹ ਜ਼ਿੰਦਗੀ 'ਚ ਕਦੇ ਨਹੀਂ ਭੁੱਲ ਸਕਦੀ।
ਇਹ ਵੀ ਪੜ੍ਹੋ : ਪੰਜਾਬ 'ਚ ਜਲਦ ਸ਼ੁਰੂ ਹੋਵੇਗੀ 'ਕੋਰੋਨਾ ਵਾਇਰਸ' ਦੀ ਵੱਡੇ ਪੱਧਰ 'ਤੇ ਟੈਸਟਿੰਗ