ਜਲੰਧਰ: ਸਿਹਤ ਮਹਿਕਮੇ ਦਾ ਕਾਰਾ, ਕੋਰੋਨਾ ਪਾਜ਼ੇਟਿਵ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਲੈਣ ਪੁੱਜੀ ਟੀਮ

06/14/2020 2:17:07 PM

ਜਲੰਧਰ (ਰੱਤਾ)— ਸਿਹਤ ਮਹਿਕਮੇ ਦੀ ਢਿੱਲੀ ਅਤੇ ਨਿਕੰਮੀ ਕਾਰਜ ਪ੍ਰਣਾਲੀ ਦੇ ਕਿੱਸੇ ਹਮੇਸ਼ਾ ਸੁਣਨ ਨੂੰ ਮਿਲਦੇ ਹਨ ਪਰ ਸ਼ਨੀਵਾਰ ਨੂੰ ਜਲੰਧਰ 'ਚ ਜੋ ਮਾਮਲਾ ਸਾਹਮਣੇ ਆਇਆ, ਉਸ ਨਾਲ ਮਹਿਕਮੇ ਦੀ ਕਾਰਜ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਲੱਗਾ ਹੈ। ਸ਼ਨੀਵਾਰ ਨੂੰ ਗੋਪਾਲ ਨਗਰ ਨਿਵਾਸੀ ਨਰਿੰਦਰ ਸ਼ਰਮਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਅਤੇ ਉਸ ਨੂੰ ਲਿਆਉਣ ਦੀ ਬਜਾਏ ਸਿਹਤ ਮਹਿਕਮੇ ਦੀ ਇਕ ਟੀਮ ਪੁਲਸ ਪਾਰਟੀ ਨੂੰ ਲੈ ਕੇ ਭਗਤ ਸਿੰਘ ਕਾਲੋਨੀ ਨਿਵਾਸੀ ਵਰਿੰਦਰ ਸ਼ਰਮਾ ਦੇ ਘਰ ਪਹੁੰਚ ਗਈ ਅਤੇ ਉਸ ਨੂੰ ਸਿਵਲ ਹਸਪਤਾਲ ਲਿਜਾਣ ਲਈ ਮਜਬੂਰ ਕਰਨ ਲੱਗੀ।

ਸਿਹਤ ਮਹਿਕਮੇ ਦੀ ਐਂਬੂਲੈਂਸ ਨੂੰ ਵੇਖ ਕੇ ਵਰਿੰਦਰ ਸ਼ਰਮਾ ਦੇ ਪਰਿਵਾਰ ਵਾਲਿਆਂ 'ਚ ਹਫੜਾ-ਦਫੜੀ ਮਚ ਗਈ ਅਤੇ ਜਦੋਂ ਉਨ੍ਹਾਂ ਨੇ ਟੀਮ ਨੂੰ ਪੁੱਛਿਆ ਕਿ ਉਨ੍ਹਾਂ ਦੀ ਰਿਪੋਰਟ ਕਿਥੇ ਹੈ ਤਾਂ ਟੀਮ ਦੇ ਮੈਂਬਰਾਂ ਨੇ ਜਵਾਬ ਦਿੱਤਾ ਕਿ ਇਕ ਵੈੱਬ ਪੋਰਟਲ 'ਤੇ ਖਬਰ ਚੱਲ ਰਹੀ ਹੈ ਕਿ ਭਗਤ ਸਿੰਘ ਕਾਲੋਨੀ 'ਚ ਕੋਰੋਨਾ ਦਾ ਇਕ ਪਾਜ਼ੇਟਿਵ ਰੋਗੀ ਮਿਲਿਆ ਹੈ, ਇਸ ਲਈ ਉਹ ਉਸ ਨੂੰ ਲੈਣ ਆਏ ਹਨ। ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਰਿਪੋਰਟ ਤਾਂ ਅਜੇ ਆਈ ਹੀ ਨਹੀਂ ਹੈ। ਇਹ ਗੱਲ ਸੁਣਦੇ ਹੀ ਸਿਹਤ ਮਹਿਕਮੇ ਦੀ ਟੀਮ ਉਥੋਂ ਚਲਦੀ ਬਣੀ।

ਪਹਿਲਾਂ ਵੀ ਹੋ ਚੁੱਕਾ ਹੈ ਅਜਿਹਾ
ਸਿਹਤ ਮਹਿਕਮੇ ਦੀ ਟੀਮ ਕੋਲੋਂ ਇਹ ਗਲਤੀ ਪਹਿਲੀ ਵਾਰ ਨਹੀਂ ਹੋਈ ਹੈ ਸਗੋਂ ਇਸ ਤੋਂ ਪਹਿਲਾਂ ਵੀ ਇਕ ਵਾਰ ਅਜਿਹਾ ਹੋ ਚੁੱਕਾ ਹੈ ਜਦੋਂ ਮਿਲਦੇ-ਜੁਲਦੇ ਨਾ ਵਾਲੇ ਕਿਸੇ ਕੋਰੋਨਾ ਪਾਜ਼ੇਟਿਵ ਰੋਗੀ ਨੂੰ ਸਿਵਲ ਹਸਪਤਾਲ ਲਿਆਉਣ ਦੀ ਬਜਾਏ ਸਿਹਤ ਮਹਿਕਮੇ ਦੀ ਟੀਮ ਉਸੇ ਨਾਂ ਦੀ ਇਕ ਹੋਰ ਔਰਤ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ, ਨੂੰ ਐਂਬੂਲੈਂਸ 'ਚ ਬਿਠਾ ਕੇ ਸਿਵਲ ਹਸਪਤਾਲ ਲੈ ਆਈ ਸੀ। ਉਸ ਸਮੇਂ ਵੀ ਇਸ ਗੱਲ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ ਸੀ।

ਸਿਹਤ ਮਹਿਕਮੇ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਸੀ ਆਮ ਲੋਕਾਂ ਨੂੰ
ਸ਼ਨੀਵਾਰ ਨੂੰ ਕੋਰੋਨਾ ਪਾਜ਼ੇਟਿਵ ਰੋਗੀ ਦੀ ਬਜਾਏ ਸਿਹਤ ਵਿਭਾਗ ਦੀ ਟੀਮ ਜੇਕਰ ਭਗਤ ਸਿੰਘ ਕਾਲੋਨੀ ਨਿਵਾਸੀ ਉਕਤ ਵਿਅਕਤੀ ਨੂੰ ਲਿਆ ਕੇ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੰਦੇ ਤਾਂ ਪਾਜ਼ੇਟਿਵ ਆਇਆ ਮਰੀਜ਼ ਲੋਕਾਂ 'ਚ ਉਂਝ ਹੀ ਘੁੰਮਦਾ ਰਹਿੰਦਾ, ਜਿਸ ਨਾਲ ਉਸ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਨੂੰ ਸਿਹਤ ਮਹਿਕਮੇ ਦੀ ਗਲਤੀ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਸੀ।


shivani attri

Content Editor

Related News