ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਪੰਜਾਬ ਸਰਕਾਰ ਨੇ ਫਿਰ ਕੀਤੀ ਸਖ਼ਤੀ, ਨਵੀਂਆਂ ਗਾਈਡਲਾਈਨਜ਼ ਜਾਰੀ
Tuesday, Feb 23, 2021 - 06:44 PM (IST)
ਚੰਡੀਗੜ੍ਹ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਕਰਦਿਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਨੇ ਮੰਗਲਵਾਰ 1 ਮਾਰਚ ਤੋਂ ਇਨਡੋਰ ਇਕੱਠ ‘ਤੇ 100 ਅਤੇ ਆਊਟ ਡੋਰ ਇਕੱਠ ਲਈ 200 ਵਿਅਕਤੀਆਂ ਦੀ ਗਿਣਤੀ ਤੈਅ ਕਰ ਦਿੱਤੀ ਹੈ। ਇਸ ਤੋਂ ਬਿਨਾਂ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਹੁਕਮ ਜਾਰੀ ਕੀਤੇ ਹਨ ਕਿ ਇਕ ਦਿਨ ਵਿਚ 30,000 ਕੋਰੋਨਾ ਟੈਸਟ ਕੀਤੇ ਜਾਣਗੇ।
ਇਹ ਵੀ ਪੜ੍ਹੋ : ਤਲਵਾੜਾ 'ਚ ਦਿਲ ਝੰਜੋੜਨ ਵਾਲੀ ਘਟਨਾ, 2 ਸਿਰਫਿਰਿਆਂ ਤੋਂ ਤੰਗ ਆ 12ਵੀਂ ਜਮਾਤ ਦੀ ਕੁੜੀ ਨੇ ਕੀਤੀ ਖ਼ੁਦਕੁਸ਼ੀ
ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਡੀ.ਸੀਆਂ ਨੂੰ ਜ਼ਰੂਰਤ ਅਨੁਸਾਰ ਆਪਣੇ ਜ਼ਿਲ੍ਹੇ ਵਿਚ ਹੌਟ ਸਪਾਟਾਂ 'ਤੇ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਜਿਸ ਵਿਚ ਮਾਈਕਰੋ ਕੰਟੇਨਮੈਂਟ ਰਣਨੀਤੀ ਅਪਣਾਈ ਜਾਵੇ। ਉਨ੍ਹਾਂ ਪੁਲਸ ਫੋਰਸ ਨੂੰ ਹਦਾਇਤ ਕੀਤੀ ਕਿ ਉਹ ਮਾਸਕ ਪਹਿਨਣ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸਾਰੇ ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵੱਲੋਂ ਕੋਵਿਡ ਮਾਨੀਟਰਾਂ ਦੇ ਨਾਲ-ਨਾਲ ਆਬਕਾਰੀ ਅਤੇ ਕਰ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਖੰਨਾ ਦੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ
ਟੈਸਟਿੰਗ ਵਧਾਉਣ ਦੇ ਆਦੇਸ਼ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਰੇਕ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ ਅਤੇ ਇਸ ਦੀ ਨਿਗਰਾਨੀ ਸੀ.ਪੀ.ਟੀ.ਓਜ਼ ਵੱਲੋਂ ਕੀਤੀ ਜਾਵੇਗੀ ਜਦਕਿ ਸਿਹਤ ਵਿਭਾਗ ਪ੍ਰਗਤੀ ਦਾ ਜਾਇਜ਼ਾ ਲਵੇਗਾ। ਮੁੱਖ ਮੰਤਰੀ ਨੇ ਟੀਕਾਕਰਨ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸੂਚਨਾ, ਸਿੱਖਿਆ ਤੇ ਸੰਚਾਰ (ਆਈ.ਈ.ਸੀ.) ਮੁਹਿੰਮ ਜਾਰੀ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਕਿ ਸਾਰੇ ਸਿਹਤ ਸੰਭਾਲ ਕਾਮਿਆਂ ਅਤੇ ਮੂਹਰਲੀ ਕਤਾਰ ਦੇ ਵਰਕਰਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਬਜ਼ੁਰਗ ਆਬਾਦੀ ਅਤੇ ਸਹਿ-ਬਿਮਾਰੀਆਂ ਨਾਲ ਪੀੜਤ ਵਸੋਂ ਲਈ ਵੈਕਸੀਨ ਵਾਸਤੇ ਵੀ ਰੂਪ-ਰੇਖਾ ਲਈ ਵੀ ਯੋਜਨਾ ਉਲੀਕਣ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਦੁਬਈ ਤੋਂ ਪਰਤੀ ਵਿਆਹੁਤਾ ਨੇ ਕੀਤੇ ਵੱਡੇ ਖ਼ੁਲਾਸੇ, ਸਾਹਮਣੇ ਲਿਆਂਦਾ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ
3.23 ਸੀ.ਐੱਫ.ਆਰ. ਉਪਰ ਚਿੰਤਾ ਜ਼ਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮ੍ਰਿਤਕਾਂ ਦੀ ਪੜਚੋਲ ਦੀਆਂ ਲੱਭਤਾਂ ਦਾ ਨੋਟਿਸ ਲਿਆ ਕਿ ਇਨ੍ਹਾਂ ਵਿਚੋਂ ਬਹੁਤੀਆਂ ਮੌਤਾਂ ਦਾਖ਼ਲ ਰਹਿਣ ਦੇ 2-14 ਦਿਨ ਦੇ ਦਰਮਿਆਨ ਹੋਈਆਂ ਹਨ। ਉਨ੍ਹਾਂ ਨੇ ਸਹਿ-ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਖਾਸ ਕਰਕੇ ਪ੍ਰਾਈਵੇਟ ਸੰਸਥਾਵਾਂ ਵਿਚ ਦਾਖ਼ਲ ਮਰੀਜ਼ਾਂ ਲਈ ਪ੍ਰੋਟੋਕਾਲ ਦੀ ਨਿਰੰਤਰ ਨਿਗਾਰਨੀ ਦੀ ਲੋੜ 'ਤੇ ਜ਼ੋਰ ਦਿੱਤਾ। ਕੁਝ ਮੌਤਾਂ ਦੇ ਘਰਾਂ ਵਿਚ ਹੋਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹੁਕਮ ਦਿੱਤੇ ਕਿ ਘਰੇਲੂ ਇਕਾਂਤਵਾਸ ਵਾਲੇ ਮਾਮਲਿਆਂ ਖਾਸ ਕਰਕੇ ਸਹਿ-ਬਿਮਾਰੀਆਂ ਨਾਲ ਪੀੜਤਾਂ ਦੀ ਢੁਕਵੀਂ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਸਵੈ-ਨਿਗਰਾਨੀ ਦੀਆਂ ਹਦਾਇਤਾਂ 'ਤੇ ਅਧਾਰਿਤ ਫਤਹਿ ਕਿੱਟਾਂ ਨੂੰ ਸਬੰਧਤ ਵਿਅਕਤੀਆਂ ਦੇ ਪਾਜ਼ੇਟਿਵ ਆ ਜਾਣ ਵਾਲੇ ਦਿਨ ਹੀ ਘਰੇਲੂ ਏਕਾਂਤਵਾਸ ਵਿਚ ਉਨ੍ਹਾਂ ਤੱਕ ਪਹੁੰਚਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕਿਹਾ ਕਿ ਸਾਰੀਆਂ ਅਸਾਮੀਆਂ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਭਰਨ ਦੀ ਇਜਾਜ਼ਤ ਦਿੱਤੀ ਗਈ ਹੈ, ਨੂੰ ਛੇਤੀ ਤੋਂ ਛੇਤੀ ਭਰਿਆ ਜਾਵੇ। ਸੁਰੱਖਿਆ ਉਪਾਵਾਂ ਦੀ ਪਾਲਣ ਲਈ ਪੰਜਾਬ ਪੁਲਸ ਵੱਲੋਂ ਚੁੱਕੇ ਕਦਮਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਉਂਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਰੋਕਾਂ ਨੂੰ ਸਖ਼ਤੀ ਨਾਲ ਅਮਲ ਵਿਚ ਲਿਆਉਣ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਐਸ.ਏ.ਐਸ. ਨਗਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿਚ ਹਾਲ ਹੀ ਦੇ ਦਿਨਾਂ ਦੌਰਾਨ ਕੋਵਿਡ ਦੇ ਕੇਸਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਿਸ ਨਾਲ ਸੂਬੇ ਵਿਚ ਦੂਜੀ ਸੰਭਾਵੀ ਲਹਿਰ ਉੱਠਣ ਦੇ ਖਦਸ਼ੇ ਪ੍ਰਗਟਾਏ ਜਾਣ ਲੱਗੇ ਹਨ।
ਨੋਟ - ਕੀ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਤੁਸੀਂ ਸਹਿਮਤ ਹੋ, ਕੁਮੈਂਟ ਕਰਕੇ ਦੱਸੋ?