ਲੁਧਿਆਣਾ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, 43 ਲੋਕਾਂ ਦੀ ਰਿਪੋਰਟ ਨੈਗੇਟਿਵ
Thursday, Mar 26, 2020 - 12:58 PM (IST)

ਲੁਧਿਆਣਾ (ਮਹੇਸ਼) : ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਪਹਿਲੇ ਪਾਜ਼ੀਟਿਵ ਮਰੀਜ਼ ਦੀ ਹੋਈ ਪੁਸ਼ਟੀ ਹੋ ਗਈ ਹੈ। ਇੱਥੇ 55 ਸਾਲਾ ਔਰਤ ਦੀ ਕੋਰੋਨਾ ਵਾਇਰਸ ਤੋਂ ਪੀੜਤ ਹੈ, ਜਿਸ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ 'ਚ ਚੱਲ ਰਿਹਾ ਹੈ। ਡਾਕਟਰਾਂ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੋਰਨਟਾਈਨ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਪਾਜ਼ੀਟਿਵ ਪਾਈ ਗਈ ਔਰਤ ਲੁਧਿਆਣਾ ਦੇ ਗੁਰਦੇਵ ਨਗਰ ਦੀ ਰਹਿਣ ਵਾਲੀ ਹੈ।
ਇਸ ਔਰਤ ਦਾ ਆਪਣਾ ਬੂਟੀਕ ਦਾ ਕਾਰੋਬਾਰ ਹੈ, ਜਿੱਥੇ ਐੱਨ. ਆਰ. ਆਈਜ਼ ਦੇ ਆਉਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਔਰਤ ਦਾ ਫਿਲਹਾਲ ਕੋਈ ਟ੍ਰੈਵਲ ਰਿਕਾਰਡ ਨਹੀਂ ਹੈ। ਔਰਤ ਕਿਸ-ਕਿਸ ਦੇ ਸੰਪਰਕ 'ਚ ਆਈ ਹੈ, ਇਸ ਬਾਰੇ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਕਤ ਔਰਤ ਦੇ ਬੁੱਧਵਾਰ ਨੂੰ ਟੈਸਟ ਕੀਤੇ ਗਏ ਸਨ, ਜਿਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ।
43 ਲੋਕਾਂ ਦੀ ਰਿਪੋਰਟ ਨੈਗੇਟਿਵ
ਲੁਧਿਆਣਾ 'ਚ ਕੋਰੋਨਾ ਵਾਇਰਸ ਦੀ ਜਾਂਚ ਲਈ ਹੁਣ ਤੱਕ 52 ਨਮੂਨੇ ਭੇਜੇ ਗਏ ਸਨ, ਜਿਨ੍ਹਾਂ 'ਚੋਂ 43 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂ ਕਿ 55 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ 8 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।