'ਕੋਰੋਨਾ ਵਾਇਰਸ' ਕਾਰਨ ਚੰਡੀਗੜ੍ਹ 'ਚ ਮਚਿਆ ਹੜਕੰਪ, ਘਬਰਾਏ ਹੋਏ ਨੇ ਲੋਕ

03/04/2020 9:51:29 AM

ਚੰਡੀਗੜ੍ਹ (ਸਾਜਨ) : ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਤੋਂ ਬਾਅਦ ਹੌਲੀ-ਹੌਲੀ ਹੁਣ ਭਾਰਤ 'ਚ ਵੀ ਇਹ ਪੈਰ ਪਸਾਰਦਾ ਜਾ ਰਿਹਾ ਹੈ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 6 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਇਸ ਵਾਇਰਸ ਕਾਰਨ ਚੰਡੀਗੜ੍ਹ ਸ਼ਹਿਰ 'ਚ ਵੀ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇਸ ਦੇ 2 ਸ਼ੱਕੀ ਮਰੀਜ਼ਾਂ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ।

ਇਨ੍ਹਾਂ 'ਚੋਂ ਇਕ ਨੌਜਵਾਨ (29) ਸੈਕਟਰ-20, ਜਦੋਂ ਕਿ ਦੂਜਾ ਨੌਜਵਾਨ (30) ਸੈਕਟਰ-50 ਦੇ ਰਹਿਣ ਵਾਲਾ ਹੈ। ਦੋਵੇਂ ਹਾਲ ਹੀ 'ਚ ਇੰਡੋਨੇਸ਼ੀਆ ਤੋਂ ਵਾਪਸ ਪਰਤੇ ਹਨ। ਦੋਹਾਂ ਨੂੰ ਪੀ. ਜੀ. ਆਈ. ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਪੀ. ਜੀ. ਆਈ. ਮੁਤਾਬਕ ਦੋਹਾਂ ਮਰੀਜ਼ਾਂ ਨੂੰ ਜ਼ੁਕਾਮ ਤੇ ਠੰਡ ਦੀ ਸ਼ਿਕਾਇਤ ਹੈ। ਦੋਹਾਂ ਮਰੀਜ਼ਾਂ ਦੇ ਨਮੂਨੇ ਦਿੱਲੀ ਸਥਿਤ ਏਮਜ਼ 'ਚ ਭੇਜ ਦਿੱਤੇ ਗਏ ਹਨ। ਇਸ ਖਬਰ ਤੋਂ ਬਾਅਦ ਚੰਡੀਗੜ੍ਹ 'ਚ ਹੜਕੰਪ ਮਚ ਗਿਆ ਹੈ ਅਤੇ ਲੋਕ ਬੁਰੀ ਤਰ੍ਹਾਂ ਘਬਰਾਏ ਹੋਏ ਹਨ।

ਪੀ. ਜੀ. ਆਈ. ਨੇ ਜਾਰੀ ਕੀਤੀ ਹਦਾਇਤ
ਦੇਸ਼ 'ਚ ਕੋਰੋਨਾ ਵਾਇਰਸ  ਦੇ ਸ਼ੱਕੀ ਅਤੇ ਕੰਫਰਮ ਕੇਸ ਆਉਣ ਤੋਂ ਬਾਅਦ ਪੀ. ਜੀ. ਆਈ. ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੀ. ਜੀ. ਆਈ. ਵਲੋਂ ਕਿਹਾ ਗਿਆ ਹੈ ਕਿ ਜਿਸ ਰਾਜ ਦਾ ਕੇਸ ਹੈ, ਉੱਥੋਂ ਦੇ ਲੋਕਲ ਹਸਪਤਾਲਾਂ 'ਚ ਇਸ ਦਾ ਇਲਾਜ ਕੀਤਾ ਜਾਵੇ, ਤਾਂ ਜੋ ਰੋਗ ਅੱਗੇ ਨਾ ਵਧੇ। ਅਜਿਹੇ ਮਰੀਜ਼ਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਜਾਵੇ ਅਤੇ ਸਾਵਧਾਨੀ ਨਾਲ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ। ਨਵੀਂ ਦਿੱਲੀ ਏਮਜ਼ 'ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣ। ਪੀ. ਜੀ. ਆਈ. ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਨੂੰ ਇਸ ਬੀਮਾਰੀ ਤੋਂ ਘਬਰਾਉਣਾ ਨਹੀਂ ਚਾਹੀਦਾ, ਪਰ ਕੁੱਝ ਸਾਵਧਾਨੀ ਰੱਖੀਆਂ ਜਾਣ। ਜਿਵੇਂ ਸਿਰਫ਼ ਸਾਬਣ ਅਤੇ ਪਾਣੀ ਨਾਲ ਹੈਂਡ ਵਾਸ਼ਿੰਗ ਨਾਲ ਹੀ ਰੋਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ। ਲੋਕਾਂ ਨੂੰ ਮਾਸਕ ਪਾ ਕੇ ਘੁੰਮਣ ਦੀ ਲੋੜ ਨਹੀਂ ਹੈ, ਜਿਨ੍ਹਾਂ ਦੇਸ਼ਾਂ 'ਚ ਬੀਮਾਰੀ ਫੈਲੀ ਹੈ, ਉਨ੍ਹਾਂ ਦੇਸ਼ਾਂ 'ਚ ਲੋਕ ਫਿਲਹਾਲ ਨਾ ਜਾਣ।  


Babita

Content Editor

Related News