ਕੋਰੋਨਾ ਵਾਇਰਸ : ਸੀ. ਟੀ. ਯੂ. ਦੀਆਂ ਬੱਸਾਂ ਰੋਜ਼ਾਨਾ ਹੋਣਗੀਆਂ ''ਸੈਨੇਟਾਈਜ਼''
Friday, Mar 13, 2020 - 02:45 PM (IST)
ਚੰਡੀਗੜ੍ਹ (ਰਾਜਿੰਦਰ) : ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਅਸਰ ਨੂੰ ਵੇਖਦੇ ਹੋਏ ਯੂ. ਟੀ. ਪ੍ਰਸਾਸ਼ਨ ਨੇ ਵੀ ਇਹਤੀਆਤ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪ੍ਰਸਾਸ਼ਨ ਨੇ ਫੈਸਲਾ ਲਿਆ ਹੈ ਕਿ ਸੀ. ਟੀ. ਯੂ. ਦੀਆਂ ਸਾਰੀਆਂ ਬਸਾਂ ਨੂੰ ਰੋਜ਼ਾਨਾ ਕੀਟਾਣੂ ਰਹਿਤ (ਸੇਨੇਟਾਈਜ਼) ਕੀਤਾ ਜਾਵੇਗਾ। ਇਸ ਸੰਬੰਧ 'ਚ ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਮੁੱਖ ਬੱਸ ਅੱਡੇ ਆਈ. ਐੱਸ. ਬੀ. ਟੀ.-17 ਅਤੇ 43 'ਤੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਅਤੇ ਬੋਰਡ ਲਾਏ ਜਾਣਗੇ, ਜਿਸ ਦਾ ਕੰਮ ਐਤਵਾਰ ਤੱਕ ਪੂਰਾ ਹੋ ਜਾਵੇਗਾ।
ਕੋਰੋਨਾ ਵਾਇਰਸ ਫੈਲਣ ਦੇ ਖਤਰੇ 'ਚ ਰੋਜ਼ਾਨਾ ਮੁਸਾਫਰਾਂ ਲਈ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸੀ. ਟੀ. ਯੂ. ਦੀ ਬਸ ਡਿਪੂ 'ਚ ਸਾਰੀਆਂ ਬਸਾਂ ਦੀ ਸਾਫ਼-ਸਫਾਈ ਕਰਵਾਉਣ ਦੀ ਪ੍ਰਕਿਰਿਆ ਅਪਣਾਈ ਜਾਵੇਗੀ। ਸੀ. ਟੀ. ਯੂ. ਦੇ ਇਕ ਅਧਿਕਾਰੀ ਨੇ ਇਸ ਸੰਬੰਧ 'ਚ ਦੱਸਿਆ ਕਿ ਇਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਐਸਟੀਮੇਟ ਤਿਆਰ ਕਰਨ ਅਤੇ ਛੇਤੀ ਤੋਂ ਛੇਤੀ ਸੈਨੇਟਾਈਜੇਸ਼ਨ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਬਸਾਂ 'ਚ ਚੜ੍ਹਨ ਲਈ ਹੈਂਡ ਰੇਲਿੰਗ, ਬਸ ਦੇ ਦਰਵਾਜ਼ੇ, ਕੁਰਸੀਆਂ ਆਦਿ ਦੀ ਸਫਾਈ ਅਤੇ ਉਨ੍ਹਾਂ ਨੂੰ ਸੈਨੇਟਾਈਜ਼ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ, ਕਿਉਂਕਿ ਅਜਿਹੀਆਂ ਥਾਂਵਾਂ 'ਤੇ ਮੁਸਾਫ਼ਰ ਆਪਣਾ ਹੱਥ ਰੱਖਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ 'ਤੇ ਮਿਲੇ ਸ਼ੱਕੀ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ
ਸੀ. ਟੀ. ਯੂ. ਨੇ ਕੋਰੋਨਾ ਵਾਇਰਸ ਨੂੰ ਲੈਕੇ ਜਾਗਰੂਕਤਾ ਦੇ ਮਕਸਦ ਨਾਲ ਸਾਰੇ ਪ੍ਰਮੁੱਖ ਬਸ ਅੱਡਿਆਂ 'ਤੇ ਮੁਸਾਫਰਾਂ ਲਈ 'ਕੀ ਕਰੋ, ਕੀ ਨਾ ਕਰੋ' ਦੇ ਪੋਸਟਰ ਅਤੇ ਬੋਰਡ ਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਡਿਸਪਲੇ ਬੋਰਡਜ਼ 'ਤੇ ਹਿੰਦੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ 'ਚ ਮੁਸਾਫਰਾਂ ਨੂੰ ਜਾਗਰੂਕ ਕਰਨ ਸੰਬੰਧੀ ਸੁਨੇਹੇ ਲਿਖੇ ਹੋਣਗੇ। ਉਥੇ ਹੀ, ਯੂ. ਟੀ. ਪ੍ਰਸਾਸ਼ਨ ਨੇ ਵੀ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਪੂਰੀ ਤਿਆਰੀ ਕੀਤੀ ਹੈ। ਸ਼ਹਿਰ ਦੇ ਤਿੰਨ ਹਸਪਤਾਲਾਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ। ਜੀ. ਐੱਮ. ਸੀ. ਐੱਚ.-32, ਜੀ. ਐੱਮ. ਐੱਸ.ਐੱਚ.-16 ਅਤੇ ਪੀ. ਜੀ. ਆਈ. 'ਚ ਆਈਸੋਲੇਸ਼ਨ ਵਾਰਡ ਦੀ ਸਹੂਲਤ ਦਿੱਤੀ ਗਈ ਹੈ। ਇਸਤੋਂ ਇਲਾਵਾ ਪ੍ਰਸਾਸ਼ਨ ਨੇ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰੇਗਾ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ'