ਸਰਬੱਤ ਦਾ ਭਲਾ ਟਰੱਸਟ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਦਿੱਤੀਆਂ 1 ਹਜ਼ਾਰ ਪੀ. ਪੀ. ਈ.ਕਿੱਟਾਂ
Saturday, Apr 18, 2020 - 04:18 PM (IST)
ਫਰੀਦਕੋਟ (ਹਾਲੀ) : ਆਪਣੇ ਵਿਲੱਖਣ ਅਤੇ ਵੱਡੇ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਵੱਖਰੀ ਪਛਾਣ ਬਣਾ ਚੁੱਕੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਨੂੰ 1000 ਪੀ. ਪੀ. ਈ. ਕਿੱਟਾਂ ਦਿੱਤੀਆਂ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਭੇਜਿਆ ਸਾਮਾਨ ਪ੍ਰਾਪਤ ਕਰਨ ਉਪਰੰਤ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਨੇ ਇਸ ਵੱਡੇ ਉਪਰਾਲੇ ਲਈ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾ.ਓਬਰਾਏ ਵੱਲੋਂ ਭੇਜੇ ਗਏ ਸਾਮਾਨ ਨਾਲ ਜਿੱਥੇ ਕਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਦਿਨ ਰਾਤ ਕੰਮ ਕਰ ਰਹੇ ਡਾਕਟਰਾਂ ਤੇ ਹੋਰਨਾਂ ਕਰਮਚਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ, ਉਥੇ ਹੀ ਉਨ੍ਹਾਂ ਕਿਹਾ ਡਾ.ਓਬਰਾਏ ਹੀ ਪੂਰੀ ਦੁਨੀਆਂ ਅੰਦਰ ਵਾਹਦ ਇਕ ਅਜਿਹੇ ਇਨਸਾਨ ਹਨ, ਜੋ ਬਿਨਾਂ ਕਿਸੇ ਸਵਾਰਥ ਦੇ ਹਰ ਲੋੜਵੰਦ ਤੱਕ ਪਹੁੰਚ ਕੇ ਉਸ ਦੀ ਦਿਲੋਂ ਮਦਦ ਕਰਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਫਰੀਦਕੋਟ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਹਰਦਿਆਲੇਆਣਾ, ਸਕੱਤਰ ਕਰਮਜੀਤ ਸਿੰਘ ਸਰਾਂ, ਖਜਾਨਚੀ ਮਾਸਟਰ ਭਰਪੂਰ ਸਿੰਘ ਅਤੇ ਪਰਦੀਪ ਚਮਕ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਸਾਰੇ ਜ਼ਿਲਿਆਂ ਦੇ ਪ੍ਰਸ਼ਾਸਨ ਰਾਹੀਂ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਕਰਫਿਊ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਪੁਲਸ ਦੇ ਕਰਮਚਾਰੀਆਂ ਆਦਿ ਨੂੰ ਲੋੜੀਂਦਾ ਭੇਜਿਆ ਜਾ ਰਿਹਾ ਹੈ,ਜਿਸ ਤਹਿਤ ਅੱਜ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਨੂੰ ਵੀ 1000 ਪੀ. ਪੀ. ਈ. ਕਿੱਟਾਂ ਅਤੇ ਇਕ ਬਕਸਾ ਸੈਨੀਟਾਈਜ਼ਰ ਦਾ ਦਿੱਤਾ ਗਿਆ ਹੈ।