ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ''ਤੇ ਨੂਰਪੁਰਬੇਦੀ ਦੇ 13 ਪਿੰਡ ਸੀਲ

Sunday, May 10, 2020 - 06:54 PM (IST)

ਨੂਰਪੁਰਬੇਦੀ (ਭੰਡਾਰੀ) : ਨਜ਼ਦੀਕੀ ਪਿੰਡ ਭਾਓਵਾਲ ਦੇ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਅੱਜ ਉਕਤ ਪਿੰਡ ਅਤੇ ਇਸਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਕਰੀਬ 1 ਦਰਜਨ ਤੋਂ ਵੀ ਵੱਧ ਪਿੰਡਾਂ ਨੂੰ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ ਹੈ। ਸੀਲ ਕੀਤੇ ਗਏ 13 ਪਿੰਡਾਂ 'ਚ ਭਾਓਵਾਲ ਸਮੇਤ ਸਰਾਏ, ਲੈਹੜੀਆਂ, ਬੈਂਸ, ਪਹਾੜੋ, ਕੁਚਾਲ ਸਾਹਿਬ, ਅਸਾਲਤਪੁਰ, ਲਾਲਪੁਰ, ਟੱਪਰੀਆਂ, ਔਲਖ, ਤਖਤਗੜ੍ਹ, ਬਜਰੂੜ, ਮੁੰਨੇ ਅਤੇ ਬਸੀ ਆਦਿ ਪਿੰਡ ਸ਼ਾਮਲ ਹਨ। 

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਪਾਜ਼ੇਟਿਵ ਆਉਣ ਕਾਰਣ ਨਾਲ ਲੱਗਦੇ 13 ਪਿੰਡਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਇਸ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਸਮੁੱਚੇ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਜਦਕਿ ਇਸਦੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਮੈਡਮ ਗਿਰਿ ਨੇ ਦੱਸਿਆ ਕਿ ਇਸ ਦੌਰਾਨ ਸਿਹਤ ਟੀਮਾਂ ਵੱਲੋਂ ਵੀ ਘਰ-ਘਰ ਸਰਵੇ ਕਰਨ ਦਾ ਕੰਮ ਆਰੰਭ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਜਿੱਥੇ ਨਾਕਿਆਂ 'ਤੇ ਪੁਲਸ ਮੁਲਾਜ਼ਮਾਂ ਨੂੰ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ ਉੱਥੇ ਹੀ ਉਕਤ ਪਿੰਡਾਂ ਦੇ ਲੋਕਾਂ ਵੱਲੋਂ ਅਪਣੇ ਪੱਧਰ 'ਤੇ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਸੀਲ ਕੀਤਾ ਗਿਆ ਹੈ ਅਤੇ ਹਰ ਆਉਣ-ਜਾਣ ਵਾਲੇ ਵਿਅਕਤੀ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ।


Gurminder Singh

Content Editor

Related News