ਕੋਰੋਨਾ ਵਾਇਰਸ : ਹੁਣ ਸਮਝ ਆ ਰਹੀ ਹੈ ਭੱਜ ਦੌੜ ਵਿਚ ਠਹਿਰਾਓ ਦੀ ਅਹਿਮੀਅਤ

Friday, Apr 24, 2020 - 06:45 PM (IST)

"ਤੂੰ ਤਾਂ ਐਵੇਂ ਹੀ ਸੋਚ ਦੇ ਘੋੜੇ ਭਜਾਈ ਜਾ ਰਿਹਾ ਹੈ, ਕਿਤੇ ਰੁਕ ਕੇ ਤਾਂ ਦੇਖ ਕਾਇਨਾਤ ਨੂੰ" ਕਰੀਬ ਦੋ ਸਾਲ ਪਹਿਲਾ ਮੇਰੇ ਵਲੋਂ ਇਹ ਸਤਰਾਂ ਲਿਖੀਆਂ ਗਈਆਂ ਸਨ ਅਤੇ ਅੱਜ ਇਨ੍ਹਾਂ ਦੀ ਅਹਿਮੀਅਤ ਵੀ ਸਮਝ ਆ ਰਹੀ ਹੈ। ਕੋਰੋਨਾ ਵਾਇਰਸ ਜਾਂ ਕੋਵਿਡ-19 ਜਿਹੀ ਖ਼ਤਰਨਾਕ ਮਹਾਮਾਰੀ ਨੇ ਪੂਰੀ ਦੁਨੀਆਂ ਵਿਚ ਇਸ ਤਰ੍ਹਾਂ ਪੈਰ ਪਸਾਰੇ ਨੇ, ਜਿਸ ਨੂੰ ਦੇਖ ਅਜਿਹਾ ਜਾਪਦਾ ਹੈ ਕਿ ਵਕਤ ਰੁੱਕ ਜਿਹਾ ਗਿਆ ਹੋਵੇ। 

ਦੁਨੀਆ ਦੇ ਲੱਗਭਗ ਹਰ ਦੇਸ਼ ਵਿਚ ਇਸ ਸਮੇਂ ਬੰਦ ਜਿਹੇ ਹਾਲਾਤ ਨੇ ਅਤੇ ਇਸ ਬੀਮਾਰੀ ਨੇ ਸਾਰੀ ਦੁਨੀਆ ਨੂੰ ਇਕ ਜੁੱਟ ਕਰ ਦਿੱਤਾ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਵਿਚ, ਜਿੰਨਾਂ ਚੀਜਾਂ ਨੂੰ ਅਸੀਂ ਸਭ ਤੋਂ ਵੱਧ ਅਹਿਮੀਅਤ ਦੇ ਰਹੇ ਸੀ ਅਤੇ ਜਿੰਨ੍ਹਾਂ ਚੀਜਾਂ ਨੂੰ ਅਸੀਂ ਜਰੂਰੀ ਸਮਝ ਰਹੇ ਸੀ, ਉਨ੍ਹਾਂ ਸਭ ਚੀਜਾਂ ਤੋਂ ਬਿਨ੍ਹਾਂ ਵੀ ਜ਼ਿੰਦਗੀ ਗੁਜ਼ਰ ਰਹੀ ਹੈ। ਬੰਦ ਦੇ ਨਾਲ ਜ਼ਿਆਦਾਤਰ ਲੋਕ ਆਪਣੇ-ਆਪਣੇ ਘਰਾਂ ਦੇ ਵਿਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਗੁਜ਼ਾਰ ਰਹੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਆਖਿਰ ਦੇ ਵਿਚ ਘਰ ਅਤੇ ਪਰਿਵਾਰ ਹੀ ਕੰਮ ਆਉਂਦੇ ਹਨ।  

ਇਸ ਲੇਖ ਨੂੰ ਲਿਖਣ ਸਮੇਂ ਮੈਂ ਸੂਬਾ ਸਿਹਤ ਏਜੰਸੀ ਪੰਜਾਬ ਦੇ ਦਫਤਰ ਵਿਚ ਬੈਠਾ ਹੋਇਆ, ਇਨ੍ਹਾਂ ਮਾਮਲਿਆਂ ਦੇ ਬਾਰੇ ਹੀ ਦੇਖ ਰਿਹਾ ਹਾਂ। ਮੌਜੂਦਾ ਹਾਲਾਤ ਇਹ ਹੈ ਕਿ ਆਪਣੇ ਦੇਸ਼ ਦੇ ਜ਼ਿਆਦਾਤਰ ਲੋਕ ਇਸ ਬੰਦ ਨੂੰ ਗੰਭੀਰਤਾ ਨਹੀਂ ਨਹੀਂ ਲੈ ਰਹੇ ਅਤੇ ਕਰਫਿਊ ਦੇ ਬਾਵਜੂਦ ਵੀ ਸੜਕਾਂ ’ਤੇ ਨਿੱਕਲ ਰਹੇ ਹਨ। ਪੁਲਸ ਅਤੇ ਪ੍ਰਸਾਸ਼ਨ ਜਿੱਥੇ ਇਨ੍ਹਾਂ ਲੋਕਾਂ ਦੀ ਸੁਰੱਖਿਆ ਦੇ ਲਈ ਖੁਦ ਨੂੰ ਖਤਰੇ ਵਿਚ ਪਾ ਕੇ ਡਿਊਟੀ ਨਿਭਾ ਰਿਹਾ ਹੈ, ਉਥੇ ਦੂਜੇ ਪਾਸੇ ਸਿਹਤ ਵਿਭਾਗ ਦੇ ਲੱਖਾਂ ਕਰਮਚਾਰੀ ਦਿਨ-ਰਾਤ ਇਕ ਕਰਕੇ ਖਤਰੇ ਵਿਚ ਖੜ੍ਹੇ ਹੋ ਕੇ ਕੰਮ ਕਰ ਰਹੇ ਹਨ। ਪਰ ਬਹੁਤੇ ਲੋਕਾਂ ਨੇ ਇਸ ਨੂੰ ਇਕ ਮਜ਼ਾਕ ਸਮਝਿਆ ਹੋਇਆ ਹੈ, ਜਿਸ ਦੇ ਗੰਭੀਰ ਅਤੇ ਜਾਨਲੇਵਾ ਨਤੀਜੇ ਸਾਹਮਣੇ ਆ ਸਕਦੇ ਹਨ। 

ਸਾਡੇ ਦੇਸ਼ ਵਿਚ ਇਸ ਬੀਮਾਰੀ ਦੇ ਆਉਣ ਦਾ ਕਾਰਨ ਬਾਹਰ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਮੰਨਿਆ ਗਿਆ ਹੈ ਅਤੇ ਦੇਖਿਆ ਜਾਵੇ ਤਾਂ ਕਈ ਪ੍ਰਵਾਸੀ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ । ਬਹੁਤੇ ਪ੍ਰਵਾਸੀ ਅਜਿਹੇ ਹਨ, ਜੋ ਇਸ ਬੀਮਾਰੀ ਦੇ ਸਮੇਂ ਦੇਸ਼ ਵਿਚ ਆਉਣ ਦੇ ਬਾਅਦ ਸਿਰਫ ਹਵਾਈ ਅੱਡੇ ’ਤੇ ਹੋਈ ਥਰਮਲ ਸਕਰੀਨਿੰਗ ਦੇ ਮਗਰੋਂ ਕਿਸੇ ਹਸਪਤਾਲ ਵਿਚ ਗਏ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਇਕਾਂਤਵਾਸ ਵਾਲੀ ਕਿਸੇ ਸ਼ਰਤ ਨੂੰ ਮੰਨਿਆ। ਜਿਸਦਾ ਨਤੀਜਾ ਇਹ ਹੈ ਕਿ ਦੇਸ਼ ਇਸ ਸਮੇਂ ਉਸ ਹਾਲਾਤ ’ਤੇ ਹੈ ਜਿੱਥੇ ਕਿ 130 ਕਰੋੜ ਤੋਂ ਵੱਧ ਦੀ ਆਬਾਦੀ ਨੂੰ ਮਜਬੂਰਨ ਘਰਾਂ ਵਿਚ ਬੰਦ ਕਰਨ ਜਿਹੇ ਕਰੜੇ ਫੈਸਲੇ ਸਰਕਾਰ ਨੂੰ ਲੈਣੇ ਪਏ ਹਨ।

ਇਸ ਬੀਮਾਰੀ ਤੋਂ ਬਚਾਅ ਸਿਰਫ ਅਤੇ ਸਿਰਫ ਸਾਵਧਾਨੀ ਵਰਤਣ ਅਤੇ ਭੀੜ-ਭਾੜ ਤੋਂ ਦੂਰੀ ਬਣਾ ਕੇ ਰੱਖਣ ਤੋਂ ਹੈ। ਇਸ ਸਮੇਂ ਜ਼ਿੰਦਗੀ ਵਿਚ ਠਹਿਰਾਅ ਦੀ ਕਿੰਨੀ ਜਰੂਰਤ ਹੈ, ਉਸ ਦਾ ਚਾਨਣ ਸ਼ਾਇਦ ਸਭ ਨੂੰ ਹੋ ਚੁੱਕਿਆ ਹੈ। ਰੋਜ਼ਾਨਾ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ, ਜੋ ਚੀਜਾਂ ਕਦੇ ਰੁਤਬੇ ਅਤੇ ਅਹਿਮ ਸ਼ਾਂਤ ਕਰਨ ਲਈ ਹੁੰਦੀਆਂ ਸਨ, ਹੁਣ ਉਹ ਸਭ ਚੀਜਾਂ ਜਾਨ ਬਚਾਉਣ ਦੇ ਚੱਕਰ ਵਿਚ ਫਿੱਕੀਆਂ ਪੈ ਗਈਆਂ ਹਨ। ਕੋਰੋਨਾ ਵਾਇਰਸ ਤਾਂ ਕੁਝ ਸਮੇਂ ਵਿਚ ਸ਼ਾਂਤ ਹੋ ਜਾਵੇਗਾ ਅਤੇ ਇਸ ਦਾ ਇਲਾਜ ਵੀ ਮਿਲ ਜਾਵੇਗਾ ਪਰ ਇਸ ਦੇ ਬਾਅਦ ਵੀ ਜੇਕਰ ਦੁਨੀਆ ਨੇ ਭੱਜ ਦੌੜ ਅਤੇ ਫੋਕੇ ਦਿਖਾਵੇ ਵਾਲੀ ਜ਼ਿੰਦਗੀ ਦਾ ਖਹਿੜਾ ਨਾ ਛੱਡਿਆ ਤਾਂ ਸ਼ਾਇਦ ਇਸ ਸਬਕ ਨੂੰ ਸਮਝਣ ਲਈ ਕੁਦਰਤ ਦੁਬਾਰਾ ਕੋਈ ਹੋਰ ਨਵਾਂ ਸਬਕ ਨਾ ਖੋਲ੍ਹ ਲਏ। ਇਸ ਲਈ ਜਰੂਰੀ ਹੈ ਕਿ ਕੁਝ ਸਮੇਂ ਵਿਚ ਜਦੋਂ ਹਾਲਾਤ ਆਮ ਵਰਗੇ ਹੋ ਜਾਣ ਤਾਂ ਆਪਣੀ ਜ਼ਿੰਦਗੀ ’ਚ ਕੁਦਰਤ ਦੇ ਨਾਲ ਖਿਲਵਾੜ ਕਰਨੇ ਛੱਡ ਕੇ ਇਸ ਨੂੰ ਕੁਦਰਤ ਦੇ ਨਿਯਮਾਂ ਨਾਲ ਜਿਉਣਾ ਸ਼ੁਰੂ ਕਰਿਆ ਜਾਵੇ ਤਾਂ ਕਿ ਭਵਿੱਖ ਵਿਚ ਅਜਿਹੇ ਭਿਆਨਕ ਸਬਕ ਹੋਰ ਸਿੱਖਣ ਨੂੰ ਨਾ ਮਿਲਣ।

ਮਨਿੰਦਰ ਸਿੰਘ ਅਰੋੜਾ
ਡਿਪਟੀ ਮੈਨੇਜਰ ਆਈ.ਈ.ਸੀ.
ਰਾਜ ਸਿਹਤ ਏਜੰਸੀ, ਪੰਜਾਬ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ
+91-94641-09631

 


rajwinder kaur

Content Editor

Related News