''ਕੋਰੋਨਾ'' ਵਾਇਰਸ ਦਾ ਅਸਰ, ਸਿਹਤ ਵਿਭਾਗ ਵਲੋਂ ਸ਼ਾਰਜਾਹ ਤੋਂ ਆਏ ਮੁਸਾਫ਼ਰਾਂ ਦਾ ਨਿਰੀਖਣ

Wednesday, Jan 29, 2020 - 12:58 PM (IST)

''ਕੋਰੋਨਾ'' ਵਾਇਰਸ ਦਾ ਅਸਰ, ਸਿਹਤ ਵਿਭਾਗ ਵਲੋਂ ਸ਼ਾਰਜਾਹ ਤੋਂ ਆਏ ਮੁਸਾਫ਼ਰਾਂ ਦਾ ਨਿਰੀਖਣ

ਮੋਹਾਲੀ (ਰਾਣਾ) : ਭਾਰਤ 'ਚ 'ਕੋਰੋਨਾ' ਵਾਇਰਸ ਦੇ ਕੁੱਝ ਸ਼ੱਕੀ ਕੇਸ ਸਾਹਮਣੇ ਆਉਣ ਮਗਰੋਂ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਦੇਸ਼ਾਂ ਖ਼ਾਸਕਰ ਚੀਨ ਤੋਂ ਪਰਤਣ ਵਾਲੇ ਲੋਕਾਂ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਹ ਵਿਸ਼ਾਣੂ ਇਸ ਵੇਲੇ ਚੀਨ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਜ਼ਿਲਾ ਹਸਪਤਾਲ ਦੀ ਡਾਕਟਰੀ ਟੀਮ ਨੇ ਅੱਜ ਸਥਾਨਕ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਵਿਖੇ ਜਾ ਕੇ ਸ਼ਾਰਜਾਹ ਤੋਂ ਆਉਣ ਵਾਲੀ ਫ਼ਲਾਈਟ ਦੇ ਮੁਸਾਫ਼ਰਾਂ ਦਾ ਨਿਰੀਖਣ ਕੀਤਾ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਆਈ ਇਸ ਫ਼ਲਾਈਟ ਦੇ ਕੁਲ 189 ਮੁਸਾਫ਼ਰਾਂ ਦਾ ਨਿਰੀਖਣ ਕੀਤਾ ਗਿਆ ਅਤੇ ਕਿਸੇ ਵੀ ਮੁਸਾਫ਼ਰ ਨੂੰ ਖੰਘ, ਜ਼ੁਕਾਮ, ਬੁਖ਼ਾਰ ਆਦਿ ਨਹੀਂ ਸੀ ਤੇ ਨਾ ਹੀ ਕੋਈ ਹੋਰ ਪ੍ਰਤੱਖ ਲੱਛਣ ਦਿਸਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਮੁਸਾਫ਼ਰ ਅਜਿਹਾ ਨਹੀਂ ਮਿਲਿਆ ਜਿਹੜਾ ਪਿਛਲੇ ਕੁੱਝ ਦਿਨਾਂ ਦੌਰਾਨ ਚੀਨ ਗਿਆ ਹੋਵੇ ਜਾਂ ਜਿਸ ਦਾ ਚੀਨ ਤੋਂ ਪਰਤੇ ਕਿਸੇ ਵਿਅਕਤੀ ਨਾਲ ਸੰਪਰਕ ਰਿਹਾ ਹੋਵੇ। 

ਉਨ੍ਹਾਂ ਕਿਹਾ ਕਿ ਡਾਕਟਰੀ ਟੀਮ ਨੇ ਇਕੱਲੇ-ਇਕੱਲੇ ਮੁਸਾਫ਼ਰ ਕੋਲੋਂ ਉਸ ਨੂੰ ਖੰਘ, ਜ਼ੁਕਾਮ, ਬੁਖ਼ਾਰ ਜਾਂ ਸਾਹ ਫੁੱਲਣ ਜਿਹੀ ਤਕਲੀਫ਼ ਹੋਣ ਬਾਬਤ ਜਾਣਕਾਰੀ ਲਈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ 'ਕੋਰੋਨਾ' ਵਾਇਰਸ ਤੋਂ ਲਾਗ ਵਾਲਾ ਹਾਲੇ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ, ਫ਼ਿਲਹਾਲ ਸਾਰੇ ਸ਼ੱਕੀ ਕੇਸ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਮੋਹਾਲੀ ਵਾਸੀ ਸ਼ੱਕੀ ਮਰੀਜ਼ ਜਿਹੜਾ ਇਸ ਵੇਲੇ ਪੀ. ਜੀ. ਆਈ. ਵਿਖੇ ਦਾਖ਼ਲ ਹੈ, ਦਾ ਜ਼ਰੂਰੀ ਸੈਂਪਲ ਲੈ ਕੇ ਪੂਣੇ ਦੀ ਲੈਬ ਵਿਚ ਭੇਜਿਆ ਗਿਆ ਹੈ ਅਤੇ ਦੋ-ਤਿੰਨ ਦਿਨਾਂ ਅੰਦਰ ਰੀਪੋਰਟ ਆ ਜਾਵੇਗੀ। ਕੋਰੋਨਾ ਵਾਇਰਸ ਇਕ ਨਵੀਂ ਕਿਸਮ ਦਾ ਮਾਰੂ ਵਾਇਰਸ ਹੈ, ਜਿਹੜਾ ਇਸ ਵੇਲੇ ਚੀਨ ਦੇ ਕੁੱਝ ਇਲਾਕਿਆਂ ਵਿਚ ਫੈਲਿਆ ਹੋਇਆ ਹੈ। ਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤਕ ਫੈਲਦਾ ਹੈ। ਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ।


author

Gurminder Singh

Content Editor

Related News