ਕਰਫਿਊ ਨੇ ਤੋੜਿਆ ਨਸ਼ਾ ਸਪਲਾਈ ਦਾ ਲੱਕ, ਹਸਪਤਾਲ ''ਚ ਲੱਗੀਆਂ ਨਸ਼ੇੜੀਆਂ ਦੀਆਂ ਕਤਾਰਾਂ

Friday, Mar 27, 2020 - 05:58 PM (IST)

ਸੁਲਤਾਨਪੁਰ ਲੋਧੀ (ਅਸ਼ਵਨੀ) : ਕੋਰੋਨਾ ਵਾਇਰਸ ਕਾਰਣ ਸਰਕਾਰ ਵਲੋਂ ਲਗਾਏ ਗਏ ਕਰਫਿਊ ਨੇ ਨਸ਼ਾ ਸਪਲਾਈ ਦਾ ਲੱਕ ਤੋੜ ਦਿੱਤਾ ਹੈ। ਪੁਲਸ ਬੱਲ ਦੇ ਨੌਜਵਾਨਾਂ ਅਤੇ ਅਧਿਕਾਰੀਆਂ ਦੇ ਸਖਤ ਪਹਿਰੇ ਨੇ ਕੁਝ ਹੱਦ ਤੱਕ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ, ਨਤੀਜੇ ਵਜੋਂ ਨਸ਼ੇ ਦੀ ਤੋਟ ਕਾਰਨ ਨਸ਼ਿਆਂ ਦੇ ਆਦੀ ਨੌਜਵਾਨਾਂ ਦਾ ਮੰਦਾ ਹਾਲ ਹੈ ਅਤੇ ਉਹ ਸਥਾਨਕ ਸਰਕਾਰੀ ਸਿਵਲ ਹਸਪਤਾਲ ਦੀ ਸ਼ਰਨ ਵਿਚ ਆ ਰਹੇ ਹਨ। ਹਸਪਤਾਲਾਂ ਵਿਚ ਨਸ਼ੇੜੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਜਿੱਥੇ ਵੱਡੀ ਪੱਧਰ 'ਤੇ ਪੁੱਜ ਰਹੇ ਨਸ਼ੇੜੀਆਂ ਕਾਰਨ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਸੀਲ, ਇੰਝ ਬਣੀ ਕੋਰੋਨਾ ਵਾਇਰਸ ਦੀ 'ਚੇਨ'      

ਪਤਾ ਲੱਗਾ ਹੈ ਕਿ ਸੁਲਤਾਨਪੁਰ ਲੋਧੀ ਦੇ ਸਰਕਾਰੀ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਨਸ਼ੇੜੀਆਂ ਦੀ ਆਮਦ ਨੂੰ ਵੇਖਦਿਆਂ ਪੁਲਸ ਦੀ ਮਦਦ ਲੈਣ ਨੂੰ ਵੀ ਮਜਬੂਰ ਹੋਣਾ ਪੈ ਰਿਹਾ ਹੈ। ਵੀਰਵਾਰ ਹਸਪਤਾਲ ਅੰਦਰ ਨੌਜਵਾਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਪੁੱਛੇ ਜਾਣ 'ਤੇ ਇਹ ਉਹ ਨੌਜਵਾਨ ਸਨ ਜਿਨ੍ਹਾਂ ਨੂੰ ਕਥਿਤ ਤੌਰ 'ਤੇ ਕਿਸੇ ਨਾ ਕਿਸੇ ਨਸ਼ੇ ਨੇ ਅਪਣਾ ਗੁਲਾਮ ਬਣਾਇਆ ਹੋਇਆ ਹੈ। ਹਸਪਤਾਲ ਵਿਚ ਨਸ਼ੇ ਦੀ ਤੋਟ ਕਾਰਨ ਦਵਾਈ ਲੈਣ ਪੁੱਜੇ ਕੁਝ ਨੌਜਵਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਦਵਾਈ ਨਾ ਮਿਲੀ ਤਾਂ ਉਹ ਮਰ ਜਾਣਗੇ। ਜ਼ਿਆਦਾਤਰ ਦੀ ਹਾਲਤ ਬਹੁਤ ਹੀ ਤਰਸਯੋਗ ਨਜ਼ਰ ਆ ਰਹੀ ਸੀ। ਇਨ੍ਹਾਂ ਵਿਚ ਕੁੱਝ ਅਪਣੇ ਆਪ ਨੂੰ ਪੜ੍ਹੇ ਲਿਖੇ ਦੱਸ ਰਹੇ ਸਨ ਅਤੇ ਨਸ਼ੇ ਕਰਨ ਦਾ ਕਾਰਨ ਬੇਰੁਜ਼ਗਾਰੀ ਨੂੰ ਆਖ ਰਹੇ ਸਨ। ਨੌਜਵਾਨਾਂ ਦੇ ਨਸ਼ੇ ਦੀ ਗ੍ਰਿਫਤ ਵਿਚ ਆਉਣ ਭਾਵੇਂ ਕਾਰਨ ਕੋਈ ਵੀ ਰਿਹਾ ਹੋਵੇ ਪ੍ਰੰਤੂ ਹਸਪਤਾਲ ਵਿਚ ਵੱਡੀ ਪੱਧਰ 'ਤੇ ਇਨ੍ਹਾਂ ਨੋਜਵਾਨਾਂ ਦਾ ਇੱਕਠੇ ਵੇਖਿਆ ਜਾਣਾ ਖੇਤਰ ਦੇ ਹਾਲਾਤ ਦੀ ਚਿੰਤਾ ਨੂੰ ਪ੍ਰਗਟਾਉਣ ਲਈ ਕਾਫੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ      

ਉਧਰ ਹਸਪਤਾਲ ਅੰਦਰ ਕਰੀਬ 70 ਤੋਂ ਵੱਧ ਜਮਾਂ ਨੌਜਵਾਨ ਪੁਲਸ ਦੇ ਵਰਣ ਜਾ ਰਹੇ ਡੰਡੇ ਦੇ ਡਰ ਕਾਰਨ ਮੌਕੇ ਤੋਂ ਤਿੱਤਰ ਹੋ ਗਏ। ਜਿਹੜੇ ਹਿੰਮਤ ਕਰਕੇ ਕਤਾਰਾਂ ਵਿਚ ਡਟੇ ਰਹੇ ਉਨਵਾਂ ਨੂੰ ਹਸਪਤਾਲ ਪ੍ਰਸ਼ਾਸਨ ਵਲੋਂ ਦਵਾਈ ਦੇਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ। ਜਦੋਂ ਐੱਸ. ਐੱਮ. ਓ. ਸੁਲਤਾਨਪੁਰ ਲੋਧੀ ਡਾ. ਅਨਿਲ ਮਨਚੰਦਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅੱਜ ਫਿਲਹਾਲ 137 ਨੌਜਵਾਨਾਂ ਨੂੰ ਨਸ਼ਾ ਛੱਡਾਉਣ ਵਾਲੀ ਦਵਾਈ ਦਿੱਤੀ ਜਾ ਰਹੀ ਹੈ। ਉਧਰ ਐੱਸ. ਐੱਮ. ਓ. ਸਰਬਜੀਤ ਸਿੰਘ, ਏ. ਐੱਸ. ਆਈ ਸ਼ਾਮ ਲਾਲ, ਏ. ਐੱਸ. ਆਈ ਅਮਰਜੀਤ ਸਿੰਘ, ਏ. ਐੱਸ. ਆਈ ਜਰਨੈਲ ਸਿੰਘ ਆਦਿ ਵੀ ਹਸਪਤਾਲ ਵਿਚ ਮੋਜੂਦ ਸਨ।

ਇਹ ਵੀ ਪੜ੍ਹੋ : ਬਰਨਾਲਾ 'ਚ ਪੁਲਸ ਮੁਲਾਜ਼ਮ ਸਣੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਆਏ ਸਾਹਮਣੇ      


Gurminder Singh

Content Editor

Related News