ਕੋਰੋਨਾ ਸੰਕਟ : ਪਰਿਵਾਰ ਦੇ ਇਕ ਮੈਂਬਰ ਦੀ ਗਲਤੀ ਪੈ ਸਕਦੀ ਹੈ ਸਾਰੇ ਟੱਬਰ ''ਤੇ ਭਾਰੀ
Wednesday, Apr 01, 2020 - 06:40 PM (IST)
ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਘਰਾਂ ਅੰਦਰ ਹੀ ਰਹੀਏ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਦੀ ਪਾਲਣਾ ਕਰੀਏ। ਇਹ ਅਪੀਲ ਕਰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਿੱਤ ਵਰਤੋਂ ਦੀਆਂ ਚੀਜ਼ਾਂ ਲੈਣ ਲਈ ਨਾ ਨਿਕਲਣਾ ਪਵੇ। ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਵੀ ਗੱਡੀਆਂ 'ਤੇ ਸਪੀਕਰ ਲਗਾ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਹਰ ਫਿਰਦੇ ਵਕਤ ਕੋਰੋਨਾ ਦੀ ਗ੍ਰਿਫਤ ਵਿਚ ਆਇਆ ਕੋਈ ਵੀ ਵਿਅਕਤੀ ਤੁਹਾਨੂੰ ਵਾਇਰਸ ਦੇ ਸਕਦਾ ਹੈ ਅਤੇ ਪਰਿਵਾਰ ਦੇ ਇਕ ਮੈਂਬਰ ਵੱਲੋਂ ਬਾਹਰ ਘੁੰਮਣ ਦੀ ਕੀਤੀ ਹੋਈ ਗਲਤੀ ਸਾਰੇ ਟੱਬਰ ਨੂੰ ਕੋਰੋਨਾ ਦਾ ਮਰੀਜ਼ ਬਣਾ ਸਕਦੀ ਹੈ ਕਿਉਂਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਅੱਗੇ ਫੈਲਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਦਸੂਹਾ ਦੇ ਜੰਮਪਲ ਕਰਨੈਲ ਸਿੰਘ ਦੀ ਨਿਊਯਾਰਕ ਵਿਚ ਮੌਤ
ਇਸ ਮੌਕੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖਾਰ ਹੈ ਤਾਂ ਉਹ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਵੀ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੇ। ਖੰਘਦੇ ਤੇ ਛਿੱਕਦੇ ਸਮੇਂ ਆਪਣਾ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਨਾਲ ਢੱਕ ਕੇ ਰੱਖੋ ਅਤੇ ਖੁੱਲੇ ਵਿਚ ਨਾ ਥੁੱਕੋ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੀ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਹੱਥ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸੈਕਿੰਡ ਤੱਕ ਧੋਣਾ ਚਾਹੀਦਾ ਜਾਂ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਨਾਲ ਸਾਫ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰਾਂ ਵਿਚ ਸਾਫ਼-ਸਫਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਦੇ ਕਹਿਰ ਦਰਮਿਆਨ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਮਨਾਈ ਗੁਰਚਰਨ ਸਿੰਘ ਟੌਹੜਾ ਦੀ ਬਰਸੀ
ਉਨ੍ਹਾਂ ਕਿਹਾ ਕਿ ਛੋਟੇ ਬੱਚੇ ਅਤੇ ਬਜ਼ੁਰਗ ਵਿਅਕਤੀ, ਸਰੀਰਕ ਤੌਰ 'ਤੇ ਕਮਜ਼ੋਰ ਵਿਅਕਤੀ ਜਾਂ ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਹੋਰ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਆਪਣੇ ਬਚਾਅ ਲਈ ਖ਼ਾਸ ਧਿਆਨ ਰੱਖਣ। ਜੇਕਰ ਖਾਂਸੀ, ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ। ਉਨ੍ਹਾਂ ਕਿਹਾ ਕਿ ਘਰ ਵਿਚ ਆਉਂਦੇ ਦੁੱਧ ਦੇ ਪੈਕੇਟ ਜਾਂ ਭਾਂਡੇ ਨੂੰ ਵਰਤਣ ਤੋਂ ਪਹਿਲਾਂ, ਕੂੜੇਦਾਨ, ਭਾਂਡੇ, ਦਰਵਾਜ਼ੇ ਦੀ ਘੰਟੀ, ਬਜ਼ਾਰੋਂ ਲਿਆਂਦੀਆਂ ਸਬਜੀਆਂ ਤੇ ਫ਼ਲ, ਦਰਵਾਜ਼ੇ ਦੀਆਂ ਚਿਟਕਣੀਆਂ, ਬੂਟ ਤੇ ਚੱਪਲਾਂ ਆਦਿ ਨੂੰ ਸਮੇਂ-ਸਮੇਂ ਉਤੇ ਸੈਨੀਟਾਈਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਸੋਈ ਵਿਚ ਜਾਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਅਤੇ ਪਾਣੀ ਨਾਲ 20 ਸੈਕਿੰਡ ਤੱਕ ਧੋਵੋ। ਇਸ ਤੋਂ ਇਲਾਵਾ ਰਸੋਈ ਵਿਚ ਵਰਤੇ ਜਾਣ ਵਾਲਾ ਚੁੱਲ੍ਹਾ, ਸਲੈਬਾਂ ਅਤੇ ਹੋਰ ਸਮਾਨ ਨੂੰ ਸੈਨੇਟਾਈਜ਼ ਕਰੋ। ਘਰ ਦੇ ਫਰਸ਼ ਨੂੰ ਵੀ ਫਿਨਾਈਲ ਨਾਲ ਰੋਜ਼ਾਨਾ ਸਾਫ਼ ਕਰੋ।
ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ ਨੂੰ ਹੋਇਆ ਕੋਰੋਨਾ ਵਾਇਰਸ