ਨਵਾਂ ਮਹੀਨਾ ਚੜ੍ਹਦੇ ਹੀ 4 ਹੋਰ ਜਿੰਦਗੀਆਂ ਲੈ ਗਿਆ ਕੋਰੋਨਾ

10/02/2020 12:27:00 AM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਅੱਜ ਅਕਤੂਬਰ ਦੇ ਪਹਿਲੇ ਦਿਨ ਹੀ ਕੋਰੋਨਾ ਕਾਰਣ ਜ਼ਿਲੇ ਅੰਦਰ ਚਾਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 34 ਨਵੇਂ ਕੇਸਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 10 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 10 ਕੇਸ ਮਲੋਟ, 2 ਕੇਸ ਗਿੱਦੜਬਾਹਾ, 2 ਕੇਸ ਪਿੰਡ ਰਾਮਨਗਰ ਸਾਉਂਕੇ, 1 ਕੇਸ ਫੂਲੇਵਾਲਾ, 1 ਕੇਸ ਕੱਦੂ ਖੇੜਾ, 1 ਕੇਸ ਖੇਖਰ, 2 ਕੇਸ ਪੱਕੀ ਟਿੱਬੀ, 1 ਕੇਸ ਬਰਕੰਦੀ, 1 ਕੇਸ ਕਿੱਲਿਆਂਵਾਲੀ, 2 ਕੇਸ ਦੋਦਾ ਅਤੇ 1 ਕੇਸ ਪਿੰਡ ਬਨਵਾਲਾ ਤੋਂ ਸਾਹਮਣੇ ਆਇਆ ਹੈ। ਅੱਜ 331 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1120 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 426 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2519 ਹੋ ਗਿਆ ਹੈ, ਜਿਸ ਵਿਚੋਂ ਹੁਣ ਤੱਕ 1898 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਜਦੋਂਕਿ ਇਸ ਵੇਲੇ 577 ਕੇਸ ਐਕਟਿਵ ਚੱਲ ਰਹੇ ਹਨ।

ਵੱਖ-ਵੱਖ ਬੀਮਾਰੀਆਂ ਨਾਲ ਪੀੜਤ ਸੀ ਕੋਰੋਨਾ ਮਰੀਜ਼

ਜ਼ਿਲੇ ਅੰਦਰ ਅੱਜ ਫਿਰ ਕੋਰੋਨਾ ਕਰਕੇ ਚਾਰ ਹੋਰ ਮੌਤਾਂ ਹੋ ਗਈਆਂ ਹਨ। ਪਹਿਲਾ ਮ੍ਰਿਤਕ 67 ਸਾਲਾ ਮਲੋਟ ਤੋਂ ਸੀ, ਜਿਸਨੂੰ ਬਲੱਡ ਅਤੇ ਸ਼ੂਗਰ ਦੀ ਸਮੱਸਿਆ ਸੀ, ਜੋ ਦਿੱਲੀ ਦੇ ਇਕ ਹਸਪਤਾਲ ’ਚ ਦਾਖਲ ਸੀ, ਜਿੱਥੇ ਉਸਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਦੂਜਾ ਮ੍ਰਿਤਕ 54 ਸਾਲਾ ਜ਼ਿਲੇ ਦੇ ਪਿੰਡ ਪੱਕੀ ਟਿੱਬੀ ਦਾ ਵਸਨੀਕ ਸੀ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਸੀ, ਜੋ ਕੋਰੋਨਾ ਪੀੜਤ ਚੱਲ ਰਿਹਾ ਸੀ, ਅੱਜ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਤੀਜਾ ਮ੍ਰਿਤਕ ਪਿੰਡ ਰਾਮਨਗਰ ਸਾਉਂਕੇ ਤੋਂ 54 ਸਾਲਾ ਵਿਅਕਤੀ ਸੀ, ਜਿਸਨੂੰ ਸਾਹ ਲੈਣ ਵਿਚ ਤਕਲੀਫ ਸੀ ਅਤੇ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਆਇਆ ਸੀ। ਇਲਾਜ ਦੌਰਾਨ ਅੱਜ ਇਸਦੀ ਮੌਤ ਹੋ ਗਈ ਹੈ। ਚੌਥਾ ਮ੍ਰਿਤਕ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਸੀ, ਜਿਸਦੀ ਉਮਰ ਕਰੀਬ 78 ਸਾਲ ਸੀ, ਜੋ ਕੋਰੋਨਾ ਪੀੜਤ ਸੀ ਅਤੇ ਮੋਹਾਲੀ ਦੇ ਹਸਪਤਾਲ ਵਿਖੇ ਉਸਦਾ ਇਲਾਜ ਚੱਲ ਰਿਹਾ ਸੀ। ਅੱਜ ਇਲਾਜ ਦੌਰਾਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44 ਹੋ ਗਈ ਹੈ।

39 ਮਰੀਜ਼ਾਂ ਨੇ ਕੋਰੋਨਾ ’ਤੇ ਪਾਈ ਫਤਿਹ

ਕੋਰੋਨਾ ਪੀੜਤ ਚੱਲ ਰਹੇ 39 ਮਰੀਜ਼ਾਂ ਨੇ ਅੱਜ ਇਸ ਮਹਾਂਮਾਰੀ ’ਤੇ ਫਤਿਹ ਪਾ ਲਈ ਹੈ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਅੱਜ ਰਿਲੀਵ ਕਰ ਦਿੱਤਾ ਗਿਆ ਹੈ। ਇਹ ਪੀੜਤ ਆਈਸੋਲੇਟ ਚੱਲ ਰਹੇ ਸਨ, ਜਿੰਨ੍ਹਾਂ ਨੂੰ ਠੀਕ ਕਰਕੇ ਅੱਜ ਘਰ ਭੇਜ ਦਿੱਤਾ ਗਿਆ ਹੈ।


Bharat Thapa

Content Editor

Related News