ਕੋਰੋਨਾ ਨੂੰ ਹਰਾਉਣ ਵਾਲੀ 58 ਸਾਲਾ ਹਰਭਜਨ ਕੌਰ ਨੇ ਲੋਕਾਂ ਨੂੰ ਸੈਂਪਲਿੰਗ ਕਰਾਉਣ ਦੀ ਕੀਤੀ ਅਪੀਲ

09/04/2020 6:04:11 PM

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ) : ਕੋਵਿਡ-19 ਦੇ ਸੰਕਟ ਤੋਂ ਹਰ ਵਰਗ ਦੇ ਲੋਕਾਂ ਨੂੰ ਸਿਹਤਯਾਬ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮਿਸ਼ਨ ਫਤਿਹ ਮੁਹਿੰਮ ਦੇ ਲਗਾਤਾਰ ਸਾਰਥਕ ਨਤੀਜੇ ਸਾਮਣੇ ਆ ਰਹੇ ਹਨ। ਪਿੰਡ ਰੱਤੋਕੇ ਦੀ ਵਸਨੀਕ 58 ਸਾਲਾਂ ਹਰਭਜਨ ਕੌਰ ਵੱਲੋਂ ਕੋਰੋਨਾ ਪਾਜ਼ੇਟਿਵ ਆਉਣ 'ਤੇ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਸੁਵਿਧਾਵਾਂ 'ਤੇ ਸੰਤੁਸ਼ਟੀ ਜਤਾਈ ਹੈ ਅਤੇ ਲੋਕਾਂ ਨੂੰ ਕੋਰੋਨਾ ਸੈਂਪਲਿੰਗ ਕਰਾਉਣ ਲਈ ਖ਼ੁਦ ਹੀ ਅੱਗੇ ਆਉਣ ਦੀ ਅਪੀਲ ਕੀਤੀ ਹੈ। ਹਰਭਜਨ ਕੌਰ ਨੇ ਦੱਸਿਆ ਕਿ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ 7 ਅਗਸਤ ਨੂੰ ਕੋਰੋਨਾ ਟੈਸਟ ਕਰਵਾਇਆ ਸੀ ਅਤੇ ਰਿਪੋਰਟ ਪਾਜ਼ੇਟਿਵ ਆਉਣ 'ਤੇ ਉਨ੍ਹਾਂ ਨੂੰ ਘਾਬਦਾਂ ਕੋਵਿਡ ਕੇਅਰ ਸੈਂਟਰ ਭੇਜ ਦਿੱਤਾ ਗਿਆ ਅਤੇ ਬਾਅਦ 'ਚ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਮਾਲੇਰਕੋਟਲਾ ਸ਼ਿਫ਼ਟ ਕਰ ਦਿੱਤਾ ਗਿਆ ਸੀ। ਹਰਭਜਨ ਕੌਰ 20 ਅਗਸਤ ਨੂੰ ਤੰਦਰੁਸਤ ਹੋ ਕੇ ਘਰ ਪਰਤ ਆਏ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਕੋਰੋਨਾ ਦੀ ਸੈਂਪਲਿੰਗ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਇਹ ਤਾਂ ਬਸ ਕੁਝ ਕੁ ਪਲਾਂ ਦੀ ਹੀ ਪ੍ਰਕਿਰਿਆ ਹੈ ਇਸ ਲਈ ਲੋਕਾਂ ਨੂੰ ਆਪ ਸੈਂਪਲਿੰਗ ਲਈ ਅੱਗੇ ਆਉਣਾ ਚਾਹੀਦਾ ਹੈ। ਬਲਾਕ ਐਜੂਕੇਟਰ ਯਾਦਵਿੰਦਰ ਨੇ ਕਿਹਾ ਕਿ ਲੋਕ ਅਫ਼ਵਾਹਾਂ ਨੂੰ ਛੱਡ ਟੈਸਟਿੰਗ ਲਈ ਅੱਗੇ ਆਉਣ ਤਾਂ ਜੋ ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਿਆ ਜਾ ਸਕੇ। 

ਇਹ ਵੀ ਪੜ੍ਹੋ : ਮੈਡੀਕਲ ਸਟੋਰਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ    

ਇਸ ਤੋਂ ਇਲਾਵਾ ਕੋਵਿਡ-19 ਦੀ ਮਹਾਮਾਰੀ ਦੇ ਚੱਲਦਿਆ ਸਿਹਤ ਮਹਿਕਮੇ ਵੱਲੋਂ ਮੁਹੱਈਆ ਕਰਵਾਈਆ ਜਾ ਰਹੀਆਂ ਵਧੀਆਂ ਸੇਵਾਵਾਂ ਦੇ ਚੰਗੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਜ਼ਿਲ੍ਹਾ ਸੰਗਰੂਰ ਦੇ ਲੋਕਾਂ ਲਈ ਖੁਸ਼ੀ ਦੀ ਖ਼ਬਰ ਹੈ, 34 ਜਣਿਆ ਨੇ ਹੋਰ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ 'ਚੋਂ 6 ਮਰੀਜ ਸਿਵਲ ਹਸਪਤਾਲ ਸੰਗਰੂਰ ਤੋਂ ਜਦਕਿ 2 ਮਰੀਜ਼ ਸਿਵਲ ਹਸਪਤਾਲ ਮਲੇਰਕੋਟਲਾ ਤੋਂ, 3 ਮਰੀਜ਼ ਭੋਗੀਵਾਲ ਤੋਂ, 1 ਜੀ.ਐਮ.ਸੀ. ਪਟਿਆਲਾ ਤੋਂ, 1 ਮਰੀਜ਼ ਡੀ.ਐਮ.ਸੀ ਤੋਂ ਅਤੇ 21 ਜਣਿਆ ਨੇ ਹੋਮ ਕੁਆਰਨਟਾਈਨ 'ਚ ਹੀ ਕੋਰੋਨਾ ਨੂੰ ਹਰਾਇਆ। ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ 'ਤੇ ਮਾਸਕ ਜ਼ਰੂਰ ਪਾਉਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।

ਇਹ ਵੀ ਪੜ੍ਹੋ : ਰਾਜ ਮਿਸਤਰੀ ਨੇ ਮਕਾਨ ਮਾਲਕ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ  


Anuradha

Content Editor

Related News