ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਘਰੋਂ ਭੱਜਿਆ ਨੌਜਵਾਨ ਪੁਲਸ ਵੱਲੋਂ ਕਾਬੂ, ਕੀਤਾ ਆਈਸੋਲੇਟ
Wednesday, May 06, 2020 - 09:02 AM (IST)
ਮੁਕਤਸਰ ਸਾਹਿਬ (ਰਿਣੀ) : ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਰਫੂਚੱਕਰ ਹੋਏ ਮੁਕਤਸਰ ਸਾਹਿਬ ਵਾਸੀ 19 ਸਾਲ ਦੇ ਨੌਜਵਾਨ ਨੂੰ ਆਖਰ ਪੁਲਸ ਨੇ ਕਾਬੂ ਕਰਕੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਆਈਸੋਲੇਟ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ 5 ਮਈ ਨੂੰ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਨੂੰ 15 ਵਿਅਕਤੀਆਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ 'ਚੋਂ ਇਕ ਰਿਪੋਰਟ 19 ਸਾਲ ਦੇ ਸ਼ਹਿਰ ਵਾਸੀ ਨੌਜਵਾਨ ਦੀ ਸੀ, ਜੋ ਕਿ 30 ਅਪ੍ਰੈਲ ਨੂੰ ਸੈਂਪਲ ਦੇਣ ਤੋਂ ਬਾਅਦ ਘਰ 'ਚ ਹੀ ਕੁਆਰੰਟਾਈਨ ਸੀ ਪਰ ਬੀਤੇ ਦਿਨ ਜਦੋਂ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਅਤੇ ਉਸ ਨੂੰ ਆਈਸੋਲੇਟ ਕਰਨ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਟੀਮ ਘਰ ਪਹੁੰਚੀ ਤਾਂ ਉਕਤ ਨੌਜਵਾਨ ਰਫੂ ਚੱਕਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ 'ਪੁਲਸ ਮੁਲਾਜ਼ਮਾਂ' ਨੂੰ ਮਿਲੀ ਵੱਡੀ ਰਾਹਤ, ਕੈਪਟਨ ਨੇ ਦਿੱਤੀ ਮਨਜ਼ੂਰੀ
ਇਸ ਦੌਰਾਨ ਜਾਣਕਾਰੀ ਮਿਲੀ ਕਿ ਇਹ ਨੌਜਵਾਨ ਨੇੜਲੇ ਪਿੰਡ ਖੋਖਰ ਚਲਾ ਗਿਆ, ਜੋ ਕਿ ਇਸ ਦਾ ਦਾਦਕਾ ਪਿੰਡ ਹੈ । ਪੁਲਸ ਪ੍ਰਸ਼ਾਸਨ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਦੇਰ ਰਾਤ ਤੱਕ ਪਿੰਡ ਖੋਖਰ ਵਿਖੇ ਨੌਜਵਾਨ ਦੀ ਭਾਲ ਕਰਦਾ ਰਿਹਾ । ਪਿੰਡ ਦੇ ਸਰਪੰਚ ਵਲੋਂ ਇਸ ਕੋਰੋਨਾ ਪਾਜ਼ੇਟਿਵ ਨੌਜਵਾਨ ਦੀ ਭਾਲ ਸਬੰਧੀ ਸੋਸ਼ਲ ਮੀਡੀਆ 'ਤੇ ਵੀ ਪੋਸਟ ਪਾਈ ਗਈ ਪਰ ਨੌਜਵਾਨ ਹੱਥ ਨਾ ਆਇਆ। ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਵਲੋਂ ਇਸ ਕੋਰੋਨਾ ਪਾਜ਼ੇਟਿਵ ਨੌਜਵਾਨ ਦੀ ਭਾਲ ਲਈ ਬਣਾਈਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰਨਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ 232 ਪਾਜ਼ੇਟਿਵ, ਕੁੱਲ ਮਰੀਜ਼ ਹੋਏ 1464
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਤੜਕਸਾਰ ਐੱਸ. ਪੀ. ਕੁਲਵੰਤ ਰਾਏ ਦੀ ਅਗਵਾਈ ਵਾਲੀ ਟੀਮ ਨੇ ਉਕਤ ਨੌਜਵਾਨ ਨੂੰ ਆਖਰ ਜ਼ਿਲੇ ਦੇ ਬਾਹਰੋਂ ਲੱਭ ਕੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਆਈਸੋਲੇਟ ਕਰਵਾ ਦਿੱਤਾ।