ਡਾਕਟਰਾਂ ਦੀ ਮਿਹਨਤ ਰੰਗ ਲਿਆਈ, ਬਚ ਗਈ ਕੋਰੋਨਾ ਦੇ ਗੰਭੀਰ ਮਰੀਜ਼ ਦੀ ਜਾਨ
Monday, Jul 13, 2020 - 11:21 AM (IST)
ਪਟਿਆਲਾ (ਪਰਮੀਤ) : ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਉਦੋਂ ਡਾਕਟਰਾਂ ਦੀ ਮਿਹਨਤ ਰੰਗ ਲਿਆਈ, ਜਦੋਂ ਗੰਭੀਰ ਹਾਲਤ 'ਚ ਕੋਰੋਨਾ ਪੀੜਤ ਮਰੀਜ਼ ਦਾ ਇਲਾਜ ਕਰਕੇ ਉਸ ਨੂੰ ਬਚਾ ਲਿਆ ਗਿਆ। ਹਸਪਤਾਲ 'ਚ ਸਥਾਪਿਤ ਕੋਰੋਨਾ ਬਲਾਕ ਦੀ ਕੋਵਿਡ ਆਈ. ਸੀ. ਯੂ. ’ਚ ਡਾਕਟਰਾਂ ਨੇ ਗੁਰਦਾ ਰੋਗ ਤੋਂ ਪੀੜਤ ਅਤੇ ਕੋਰੋਨਾ ਪਾਜ਼ੇਟਿਵ ਇਕ 57 ਸਾਲਾ ਜਨਾਨੀ ਦਾ ਸਫ਼ਲਤਾ ਪੂਰਵਕ ਡਾਇਲੀਸਿਸ ਕੀਤਾ।
ਇਹ ਵੀ ਪੜ੍ਹੋ : ਤਾਲਾਬੰਦੀ ਦੌਰਾਨ ਸੜਕ 'ਤੇ ਜਨਮਦਿਨ ਮਨਾ ਰਹੇ ਨੌਜਵਾਨ ਆਏ ਪੁਲਸ ਅੜਿੱਕੇ
ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਫੈਸਲਿਟੀ ਟੀਮਾਂ ਦੇ ਇੰਚਾਰਜ ਅਤੇ ਮੈਂਬਰ ਡਾਕਟਰਾਂ ਸਮੇਤ ਪੈਰਾ-ਮੈਡੀਕਲ ਅਮਲਾ ਤੇ ਸਿਹਤ ਕਾਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਨੂੰ ਹਰਾਉਣ ਲਈ ਆਰੰਭੀ ਜੰਗ ‘ਮਿਸ਼ਨ ਫ਼ਤਿਹ’ ਦੀ ਸਫ਼ਲਤਾ ਲਈ 24 ਘੰਟੇ ਅਤੇ ਸੱਤੇ ਦਿਨ ਸਖਤ ਮਿਹਨਤ ਕਰ ਰਹੇ ਹਨ। ਡਾ. ਪਾਂਡਵ ਨੇ ਦੱਸਿਆ ਕਿ 57 ਸਾਲਾ ਜਨਾਨੀ ਮਰੀਜ਼ ਪਹਿਲਾਂ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ ਸੀ ਅਤੇ ਬਾਅਦ ’ਚ ਗੁਰਦੇ ਰੋਗ ਤੋਂ ਪੀੜਤ ਹੋਣ ਕਰ ਕੇ ਹਫ਼ਤੇ ’ਚ 2 ਵਾਰ ਲਗਾਤਾਰ ਡਾਇਲੀਸਿਸ ਕਰਵਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਹਰਿਆਣਾ ਦੀ ਤਰਜ਼ 'ਤੇ ਨਹੀਂ ਮਿਲੇਗਾ 'ਨੌਕਰੀਆਂ' 'ਚ ਕੋਟਾ, ਕੈਪਟਨ ਨੇ ਕੀਤਾ ਇਨਕਾਰ
11 ਜੁਲਾਈ ਨੂੰ ਉਕਤ ਜਨਾਨੀ ਕੋਰੋਨਾ ਪੀੜਤ ਪਾਈ ਗਈ ਅਤੇ ਇਸ ਨੂੰ ਗੰਭੀਰ ਹਾਲਤ ’ਚ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਰੈਫ਼ਰ ਕੀਤਾ ਗਿਆ। ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਕੋਵਿਡ ਆਈਸੋਲੇਸ਼ਨ ਵਾਰਡ ਵਿਖੇ ਗੰਭੀਰ ਹਾਲਤ ’ਚ ਲਿਆਂਦੀ ਗਈ ਸੰਗਰੂਰ ਜ਼ਿਲ੍ਹੇ ਦੀ ਇਸ ਮਰੀਜ਼ ਦੀ ਹਾਲਤ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਤੁੰਰਤ ਆਕਸੀਜ਼ਨ ਲਾਈ ਅਤੇ ਦਵਾਈਆਂ ਦੇ ਕੇ ਸਥਿਰ ਕੀਤਾ। ਇਸੇ ਦੌਰਾਨ ਆਈਸੋਲੇਸ਼ਨ ਦੀਆਂ ਡਾਇਲੀਸਿਸ ਟੀਮਾਂ ਨੂੰ ਤਿਆਰ ਕੀਤਾ ਗਿਆ ਅਤੇ ਮਰੀਜ਼ ਦੀ ਹਾਲਤ ਵੇਖਦੇ ਹੋਏ ਬੀਤੇ ਦਿਨ ਤੁਰੰਤ ਉਸ ਦਾ ਡਾਇਲੀਸਿਸ ਆਰੰਭ ਕੀਤਾ ਗਿਆ। ਸੀਨੀਅਰ ਡਾਕਟਰਾਂ ਦੀ ਨਿਗਰਾਨੀ ਹੇਠ ਇਸ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਗਿਆ।
ਉਨ੍ਹਾਂ ਦੱਸਿਆ ਕਿ ਅਜਿਹੇ ਮਰੀਜ਼ਾਂ ਲਈ ਕੋਵਿਡ-19 ਦਾ ਪਾਜ਼ੇਟਿਵ ਹੋਣਾ ਬਹੁਤ ਗੰਭੀਰ ਮੰਨਿਆਂ ਜਾਂਦਾ ਹੈ ਪਰ ਡਾਕਟਰਾਂ ਦੀ ਮਿਹਨਤ ਸਦਕਾ ਮਰੀਜ਼ ਦੀ ਜਾਨ ਬਚ ਗਈ। ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਦੇ ਮੰਤਰੀ ਓ. ਪੀ. ਸੋਨੀ ਦੀ ਦੇਖ-ਰੇਖ ਹੇਠ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ, ਡਾਇਰੈਕਟਰ ਡਾ. ਅਬਨੀਸ਼ ਕੁਮਾਰ ਅਤੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਦੀ ਕਾਰਗੁਜ਼ਾਰੀ ਦਾ ਰੋਜ਼ਾਨਾ ਤੌਰ ’ਤੇ ਜਾਇਜ਼ਾ ਲੈਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਬਾਦਲ ਪੱਖੀ ਵੱਡੇ ਨੇਤਾ ਢੀਂਡਸਾ ਬਾਰੇ ਕਿਉਂ ਖਾਮੋਸ਼!, ਪਾਰਟੀ 'ਚ ਘੁਸਰ-ਮੁਸਰ