ਚੰਗੀ ਖ਼ਬਰ : ਕੋਰੋਨਾ ਨੂੰ ਹਰਾ ਕੇ ਮੁੜ ਕੰਮ ''ਤੇ ਪਰਤਿਆ ਹਲਵਾਈ, ਸੁਣਾਈ ਹੱਡ-ਬੀਤੀ

Wednesday, Aug 12, 2020 - 02:25 PM (IST)

ਚੰਗੀ ਖ਼ਬਰ : ਕੋਰੋਨਾ ਨੂੰ ਹਰਾ ਕੇ ਮੁੜ ਕੰਮ ''ਤੇ ਪਰਤਿਆ ਹਲਵਾਈ, ਸੁਣਾਈ ਹੱਡ-ਬੀਤੀ

ਅੱਪਰਾ (ਅਜਮੇਰ) : ਇੱਥੇ ਦੋ ਕੁ ਹਫ਼ਤੇ ਪਹਿਲਾਂ ਇਕ ਖ਼ਬਰ ਬਹੁਤ ਹੀ ਚਰਚਾ ’ਚ ਰਹੀ ਕਿ ਅੱਪਰਾ ਦਾ ਇਕ ਹਲਵਾਈ ਕੋਰੋਨਾ ਪਾਜ਼ੇਟਿਵ ਆ ਗਿਆ ਹੈ ਪਰ ਹੁਣ ਖੁਸ਼ੀ ਦੀ ਖ਼ਬਰ ਇਹ ਹੈ ਕਿ ਇਹ ਨੌਜਵਾਨ ਹਲਵਾਈ ਸੋਨੂੰ ਬਾਬਾ ਕੋਰੋਨਾ ਨੂੰ ਮਾਤ ਦੇ ਕੇ ਦੁਬਾਰਾ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਤਿਆਰ ਹੈ। ਸੋਨੂੰ ਬਾਬਾ ਨੇ ਆਪਣੀ ਹੱਡ-ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ ਆਪਣੀਆਂ ਭੱਠੀਆਂ 'ਤੇ ਕੰਮ ਕਰ ਰਿਹਾ ਸੀ ਕਿ ਉਸ ਨੂੰ ਸੁਨੇਹਾ ਆਇਆ ਕਿ ਤੁਹਾਡਾ ਟੈਸਟ ਹੋਣਾ ਹੈ ਅਤੇ ਅੱਪਰਾ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਪਹੁੰਚੋ। ਮੈਂ ਸਿੱਧਾ ਹੀ ਟੈਸਟ ਦੇਣ ਲਈ ਪਹੁੰਚ ਗਿਆ, ਮੈਨੂੰ ਸ਼ੱਕ ਹੈ ਕਿ ਸ਼ਾਇਦ ਮੈਂ ਗਰਮੀ ’ਚੋਂ ਗਿਆ ਸੀ, ਜਿਸ ਕਾਰਨ ਹੋ ਸਕਦਾ ਹੈ ਕਿ ਮੇਰੇ ਸਰੀਰ ਦਾ ਤਾਪਮਾਨ ਕੁੱਝ ਵੱਧ ਹੋਵੇ।

ਉਸ ਆਧਾਰ ’ਤੇ ਮੈਨੂੰ ਕੋਰੋਨਾ ਪਾਜ਼ੇਟਿਵ ਕਰਾਰ ਦਿੱਤਾ ਗਿਆ ਹੋਵੇ। ਮੇਰੇ ਵੱਲੋਂ ਬੇਨਤੀ ਕੀਤੀ ਗਈ ਕਿ ਮੇਰਾ ਘਰ ਬਹੁਤ ਵੱਡਾ ਹੈ, ਮੈਨੂੰ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਜਾਵੇ ਪਰ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਮੇਰੀ ਇਕ ਨਾ ਸੁਣੀ ਅਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਹਸਪਤਾਲ ਲੈ ਗਏ। ਇਕਾਂਤਵਾਸ ਦੇ ਸਮੇਂ 'ਚ ਸਾਨੂੰ ਕਿਸੇ ਨੂੰ ਵੀ ਕੋਈ ਲੱਛਣ ਨਹੀਂ ਆਇਆ ਅਤੇ ਅਸੀਂ ਬਿਨਾਂ ਕਿਸੇ ਦਵਾਈ ਤੋਂ ਠੀਕ-ਠਾਕ ਰਹੇ।

ਹੁਣ ਪ੍ਰਸ਼ਾਸਨ ਵੱਲੋਂ ਮੈਨੂੰ ਆਪਣਾ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋਨੂੰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉਸ ਦਾ ਵਪਾਰਕ ਪੱਖੋਂ ਬਹੁਤ ਨੁਕਸਾਨ ਹੋਇਆ ਕਿਉਂਕਿ ਇਕ ਤਾਂ ਉਸ ਦਾ ਰੱਖੜੀਆਂ ਦਾ ਤਿਓਹਾਰ ਮਾਰਿਆ ਗਿਆ ਅਤੇ ਦੂਜਾ ਜਿਹੜੇ ਉਸ ਨੇ ਮਠਿਆਈਆਂ ਦੇ ਆਰਡਰ ਬੁੱਕ ਕੀਤੇ ਹੋਏ ਸਨ, ਉਹ ਭੁਗਤਾ ਨਹੀਂ ਸਕਿਆ। ਉਸ ਨੇ ਕਿਹਾ ਕਿ ਉਹ ਆਪਣੇ ਨੁਕਸਾਨ ਨੂੰ ਤਾਂ ਸਹਿਣ ਕਰ ਗਿਆ ਹੈ ਪਰ ਸਿਹਤ ਮਹਿਕਮੇ ਦੀ ਕੋਰੋਨਾ ਨੂੰ ਲੈ ਕੇ ਫੈਲਾਈ ਜਾ ਰਹੀ ਦਹਿਸ਼ਤ ਨਹੀਂ ਭੁੱਲ ਸਕਿਆ।


author

Babita

Content Editor

Related News