ਕੋਰੋਨਾ ਪਾਜ਼ੇਟਿਵ ਭਗੌੜਾ ਹਸਪਤਾਲ ''ਚੋਂ ਫਰਾਰ ਹੋਣ ''ਤੇ ਪੁਲਸ ਨੂੰ ਪਈਆਂ ਭਾਜੜਾਂ
Sunday, Jul 12, 2020 - 04:17 PM (IST)
ਮੋਗਾ (ਅਜ਼ਾਦ): ਮੋਗਾ ਪੁਲਸ ਵਲੋਂ ਦਾਜ ਮਾਮਲੇ 'ਚ ਸ਼ਾਮਲ ਭਗੋੜੇ ਦੋਸ਼ੀ ਬਲਕਾਰ ਸਿੰਘ ਨਿਵਾਸੀ ਪਿੰਡ ਕੰਮੇਆਣਾ (ਫਰੀਦਕੋਟ) ਨੂੰ ਜੋ ਐੱਨ.ਡੀ.ਪੀ.ਐੱਸ ਐਕਟ ਦੇ ਮਾਮਲੇ 'ਚ ਫਰੀਦਕੋਟ ਜੇਲ੍ਹ 'ਚ ਬੰਦ ਸੀ ਨੂੰ ਥਾਣਾ ਸਿਟੀ ਮੋਗਾ ਵਲੋਂ ਪ੍ਰੋਡਕਸ਼ਨ ਵਰੰਟ ਦੇ ਆਧਾਰ 'ਤੇ ਹਿਰਾਸਤ ਵਿਚ ਲਿਆ ਗਿਆ ਸੀ। ਸਿਵਲ ਹਸਪਤਾਲ ਵਿਚ ਕਰਵਾਈ ਜਾਂਚ ਸਮੇਂ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਉਸ ਨੂੰ ਬਾਘਾਪੁਰਾਣਾ ਦੇ ਇਕਾਂਤਵਾਸ ਕੇਂਦਰ ਵਿਚ ਪੁਲਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ, ਜੋ ਪੁਲਸ ਨੂੰ ਚਕਮਾ ਦੇ ਕੇ ਭੱਜਣ ਵਿਚ ਸਫਲ ਹੋ ਗਿਆ, ਜਿਸ ਕਾਰਨ ਪੁਲਸ ਨੂੰ ਭਾਜੜਾਂ ਪੈ ਗਈਆਂ।
ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਠਾਕੁਰ ਸਿੰਘ ਨਿਵਾਸੀ ਕੰਮੇਆਣਾ ਦਾ ਵਿਆਹ ਦੁੱਨੇਕੇ ਨਿਵਾਸੀ ਸ਼ਾਂਤੀ ਕੌਰ ਨਾਲ 2007 'ਚ ਹੋਇਆ ਸੀ, ਪਤੀ-ਪਤਨੀ ਵਿਚਕਾਰ ਚੱਲਦੇ ਵਿਵਾਦ ਕਾਰਨ ਉਸਦੀ ਪਤਨੀ ਵਲੋਂ ਬਲਕਾਰ ਸਿੰਘ ਦੇ ਖ਼ਿਲਾਫ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਸੀ, ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਾਂਚ ਦੇ ਬਾਅਦ ਥਾਣਾ ਸਿਟੀ 1 ਮੋਗਾ ਵਲੋਂ ਬਲਕਾਰ ਸਿੰਘ ਅਤੇ ਉਸਦੇ ਪਿਤਾ ਠਾਕੁਰ ਸਿੰਘ ਦੇ ਖ਼ਿਲਾਫ ਦਾਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਠਾਕੁਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਸੀ, ਜੋ ਜ਼ਮਾਨਤ ਤੇ ਰਿਹਾ ਹੋ ਗਿਆ ਅਤੇ ਬਲਕਾਰ ਸਿੰਘ ਕਾਬੂ ਨਹੀਂ ਸੀ ਆਇਆ, ਜਿਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਬਲਕਾਰ ਸਿੰਘ ਨੂੰ ਫਰੀਦਕੋਟ ਪੁਲਸ ਵਲੋਂ ਐੱਨ.ਡੀ.ਪੀ.ਐੱਸ. ਐਕਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਅਸੀਂ 4 ਜੁਲਾਈ ਨੂੰ ਪ੍ਰੋਡਕਸ਼ਨ ਵਰੰਟ ਦੇ ਆਧਾਰ ਤੇ ਕਾਬੂ ਕਰਕੇ ਮੋਗਾ ਲਿਆਂਦਾ ਅਤੇ 7 ਜੁਲਾਈ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਦੋਂ ਉਸਦਾ ਮੈਡੀਕਲ ਕਰਵਾਇਆ ਤਾਂ
ਉਹ ਕੋਰੋਨਾ ਪਾਜ਼ੇਟਿਵ ਨਿਕਲਿਆ, ਜਿਸ ਨੂੰ ਸਿਹਤ ਵਿਭਾਗ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਬਾਘਾਪੁਰਾਣਾ ਦੇ ਇਕਾਂਤਵਾਸ ਕੇਂਦਰ ਵਿਚ ਭੇਜਿਆ ਗਿਆ, ਜਿੱਥੇ ਪੁਲਸ ਲਾਈਨ ਫਰੀਦਕੋਟ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਗਾਰਦ ਇੰਚਾਰਜ, ਸਹਾਇਕ ਥਾਣੇਦਾਰ ਹਰਦੀਪ ਦਾਸ, ਗਗਨਦੀਪ, ਹੌਲਦਾਰ ਰਵਿੰਦਰ
ਕੁਮਾਰ ਆਦਿ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਉਹ ਭੱਜ ਨਾ ਸਕੇ, ਪਰ ਕਥਿਤ ਦੋਸ਼ੀ ਬਲਕਾਰ ਸਿੰਘ ਪੁਲਸ ਨੂੰ ਚਕਮਾ ਦੇ ਕੇ ਬੀਤੀ ਸ਼ਾਮ ਫਰਾਰ ਹੋ ਗਿਆ। ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਥਿਤ ਦੋਸ਼ੀ ਦੀ ਤਲਾਸ਼ ਕੀਤੀ ਗਈ, ਪਰ ਨਾ ਮਿਲਣ ਤੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਗਾਰਦ ਇੰਚਾਰਜ, ਸਹਾਇਕ ਥਾਣੇਦਾਰ ਹਰਦੀਪ ਦਾਸ, ਗਗਨਦੀਪ, ਹੌਲਦਾਰ ਰਵਿੰਦਰ ਕੁਮਾਰ ਅਤੇ ਬਲਕਾਰ ਸਿੰਘ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਉਸਦੀ ਤਲਾਸ਼ ਕਰ ਰਹੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਮਨਜਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।