ਪੰਜਾਬ 'ਚ ਖ਼ਤਰਨਾਕ ਸਟੇਜ ਵੱਲ ਵੱਧ ਰਹਿਆ ਕੋਰੋਨਾ, ਮੌਤਾਂ ਦੇ ਅੰਕੜਿਆਂ ਚਿੰਤਾ 'ਚ ਪਾਏ ਮਾਹਿਰ

Friday, Apr 02, 2021 - 02:09 PM (IST)

ਜਲੰਧਰ (ਰੱਤਾ) : ਪੰਜਾਬ ’ਚ 7.5 ਫੀਸਦੀ ਦੀ ਦਰ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ, ਜੋ ਕਿ ਇਕ ਖ਼ਤਰਨਾਕ ਸਟੇਜ ਮੰਨੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਤੇਜ਼ੀ ਨਾਲ ਵਧ ਰਿਹਾ ਮੌਤਾਂ ਦਾ ਅੰਕੜਾ ਵੀ ਕਾਫੀ ਚਿੰਤਾਜਨਕ ਹੈ। ਵੀਰਵਾਰ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੀਆਂ ਵੱਖ-ਵੱਖ ਲੈਬਾਰਟਰੀਆਂ ਵਿਚ ਜਿਹੜੇ 39,996 ਸੈਂਪਲ ਟੈਸਟ ਕੀਤੇ ਗਏ, ਉਨ੍ਹਾਂ ਵਿਚ 3,026 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਹੁਣ 24,565 ਮਰੀਜ਼ ਇਲਾਜ ਅਧੀਨ ਹਨ।

367 ਮਰੀਜ਼ਾਂ ਦੀ ਹਾਲਤ ਗੰਭੀਰ
ਸਿਹਤ ਮਹਿਕਮੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਸੂਬੇ ਵਿਚ ਇਲਾਜ ਅਧੀਨ ਅਤੇ ਹੋਮ ਕੁਆਰੰਟਾਈਨ ਕੀਤੇ ਗਏ 24,575 ਮਰੀਜ਼ਾਂ ਵਿਚੋਂ 367 ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਆਕਸੀਜਨ ਦੀ ਸੁਪੋਰਟ ਅਤੇ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿਦੰਰ ਨੂੰ ਆਪ ਨੇਤਾ ਦੀ ਚੁਣੌਤੀ, ਪੰਜਾਬ ’ਚ ਵੀ ਦਿੱਤੀ ਜਾਵੇ ਮੁਫ਼ਤ ਬਿਜਲੀ

57 ਨੇ ਹਾਰੀ ਕੋਰੋਨਾ ਤੋਂ ਜੰਗ, ਜਲੰਧਰ ’ਚ ਸਭ ਤੋਂ ਜ਼ਿਆਦਾ ਪਾਜ਼ੇਟਿਵ
ਸੂਬੇ ’ਚ ਹੁਣ ਤੱਕ 6934 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਵੀਰਵਾਰ ਨੂੰ 57 ਲੋਕ ਕੋਰੋਨਾ ਖ਼ਿਲਾਫ਼ ਜੰਗ ਹਾਰ ਗਏ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਵਿਚ 11 ਮੌਤਾਂ ਹੋਈਆਂ ਹਨ, ਜਦੋਂ ਕਿ ਦੂਜੇ ਨੰਬਰ ’ਤੇ ਜਲੰਧਰ ਅਤੇ ਹੁਸ਼ਿਆਰਪੁਰ ਹਨ, ਜਿਥੇ 9-9 ਅਤੇ ਤੀਜੇ ਨੰਬਰ ’ਤੇ ਲੁਧਿਆਣਾ ਵਿਚ ਇਕ ਹੀ ਦਿਨ 8 ਲੋਕਾਂ ਨੇ ਦਮ ਤੋੜ ਦਿੱਤਾ।

ਸਰਕਾਰੀ ਛੁੱਟੀਆਂ ਸਮੇਤ ਪੂਰਾ ਅਪ੍ਰੈਲ ਚੱਲੇਗਾ ‘ਕੋਵਿਡ-19’ ਦਾ ਟੀਕਾਕਰਣ
ਕੋਰੋਨਾ ਦੇ ਖ਼ਿਲਾਫ਼ਦੇਸ਼ ਪੱਧਰੀ ਟੀਕਾਕਰਣ ਮੁਹਿੰਮ ਦੇ ਅਧੀਨ ਕੇਂਦਰ ਨੇ ਪੂਰਾ ਅਪ੍ਰੈਲ ਮਹੀਨਾ ਸਰਕਾਰੀ ਛੁੱਟੀਆਂ ਦੌਰਾਨ ਵੀ ਸਾਰੇ ਜਨਤਕ ਅਤੇ ਨਿੱਜੀ ਖੇਤਰ ਦੇ ‘ਕੋਵਿਡ-19’ ਟੀਕਾਕਰਣ ਕੇਂਦਰਾਂ ਨੂੰ ਸੰਚਾਲਿਤ ਕਰਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀਰਵਾਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇਸ ਦੇ ਲਈ ਜ਼ਰੂਰੀ ਪ੍ਰਬੰਧ ਕਰਨ ਲਈ ਕਿਹਾ ਹੈ। ਮੰਤਰਾਲਾ ਨੇ ਕਿਹਾ ਕਿ ‘ਕੋਵਿਡ-19’ ਦੇ ਟੀਕਾਕਰਣ ਦੀ ਰਫ਼ਤਾਰ ਅਤੇ ਕਵਰੇਜ ਨੂੰ ਵਧਾਉਣ ਲਈ 31 ਮਾਰਚ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਸਵੇਰੇ 7 ਵਜੇ ਤੱਕ ਪ੍ਰਾਪਤ ਰਿਪੋਰਟ ਮੁਤਾਬਕ ਪੂਰੇ ਦੇਸ਼ ’ਚ ਹੁਣ ਤੱਕ 10,86,241 ਕੈਂਪਾਂ ਦੇ ਮਾਧਿਅਮ ਨਾਲ 6.5 ਕਰੋੜ ਤੋਂ ਜ਼ਿਆਦਾ (6,51,17,896) ਟੀਕਿਆਂ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਕੇਂਦਰ ਵਲੋਂ ਪੰਜਾਬ ਸਰਕਾਰ ਦੀ ਆਲੋਚਨਾ ’ਤੇ ਭੜਕੇ ਕੈਪਟਨ, ਕੇਂਦਰ ਸਰਕਾਰ 'ਤੇ ਉਠਾਏ ਸਵਾਲ 

ਉਥੇ ਹੀ ਭਾਰਤ ’ਚ ਇਕ ਦਿਨ ’ਚ ਕੋਵਿਡ-19 ਦੇ 72,330 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਕੋਰੋਨਾ ਤੋਂ ਪੀੜਤਾਂ ਦੀ ਗਿਣਤੀ ਵਧ ਕੇ 1,22,21,665 ਹੋ ਗਈ। ਇਸ ਸਾਲ ਸਾਹਮਣੇ ਆਏ ਇਨਫੈਕਸ਼ਨ ਦੇ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ। ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਕਾਰਣ 459 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚ ਮਹਾਰਾਸ਼ਟਰ ਦੇ 227, ਪੰਜਾਬ ਦੇ 55, ਛੱਤੀਸਗੜ੍ਹ ਦੇ 39, ਕਰਨਾਟਕ ਦੇ 26, ਤਮਿਲਨਾਡੂ ਦੇ 19, ਕੇਰਲ ਦੇ 15, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ 11-11 ਲੋਕ ਸ਼ਾਮਲ ਹਨ। ਇਸ ਤੋਂ ਪਹਿਲਾਂ 11 ਅਕਤੂਬਰ 2020 ਨੂੰ ਇਕ ਦਿਨ ’ਚ 74,383 ਨਵੇਂ ਮਾਮਲੇ ਸਾਹਮਣੇ ਆਏ ਸਨ। ਤਾਜ਼ਾ ਅੰਕੜਿਆਂ ਅਨੁਸਾਰ, 459 ਅਤੇ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1,62,927 ਹੋ ਗਈ। ਲਗਭਗ 116 ਦਿਨ ਬਾਅਦ ਇਕ ਦਿਨ ’ਚ ਕੋਰੋਨਾ ਇਨਫੈਕਸ਼ਨ ਨਾਲ ਮੌਤ ਦੇ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Anuradha

Content Editor

Related News