ਪੰਜਾਬ ’ਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ, 194 ਪਾਜ਼ੇਟਿਵ, 14 ਦਿਨਾਂ ''ਚ 64 ਮਰੀਜ਼ਾਂ ਦੀ ਹੋਈ ਮੌਤ
Monday, Aug 22, 2022 - 10:43 PM (IST)
ਲੁਧਿਆਣਾ (ਸਹਿਗਲ) : ਪੰਜਾਬ ’ਚ ਅੱਜ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 194 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਘੱਟ ਸੈਂਪਲਿੰਗ ਦੇ ਬਾਵਜੂਦ ਹਾਲਾਤ ਦਿਨੋ-ਦਿਨ ਬਦਤਰ ਹੋ ਰਹੇ ਹਨ। ਵਰਣਨਯੋਗ ਹੈ ਕਿ ਸਿਹਤ ਵਿਭਾਗ ਦੇ ਮਾਹਿਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਘੱਟ ਸੈਂਪਲਿੰਗ ਕਾਰਨ ਸਹੀ ਸਥਿਤੀ ਦਾ ਆਂਕਲਣ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਮਰੀਜ਼ਾਂ ਦੀ ਸੰਖਿਆ ਵਧ ਸਕਦੀ ਹੈ ਕਿਉਂਕਿ ਘੱਟ ਸੈਂਪਲਿੰਗ ਨਾਲ ਕਾਰਨ ਸਹੀ ਸਕ੍ਰੀਨਿੰਗ ਨਹੀਂ ਹੋ ਸਕਦੀ। ਮ੍ਰਿਤਕ ਮਰੀਜ਼ਾਂ 'ਚ 2 ਮਰੀਜ਼ ਜਲੰਧਰ ਦੇ ਰਹਿਣ ਵਾਲੇ ਸਨ, ਜਦਕਿ ਇਕ-ਇਕ ਮਰੀਜ਼ ਬਠਿੰਡਾ, ਹੁਸ਼ਿਆਰਪੁਰ, ਮੁਕਤਸਰ, ਸੰਗਰੂਰ, ਫਰੀਦਕੋਟ ਅਤੇ ਮੋਹਾਲੀ ਦਾ ਰਹਿਣ ਵਾਲਾ ਸੀ।
ਖ਼ਬਰ ਇਹ ਵੀ : ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, ਉਥੇ PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅਲਰਟ ਜਾਰੀ, ਪੜ੍ਹੋ TOP 10
ਸਿਹਤ ਅਧਿਕਾਰੀਆਂ ਅਨੁਸਾਰ ਫਰੀਦਕੋਟ, ਮੋਹਾਲੀ ਅਤੇ ਕਪੂਰਥਲਾ ਦੇ ਮਰੀਜ਼ ਰਿਕਾਰਡ ਖੰਗਾਲਣ ਤੋਂ ਬਾਅਦ ਸਾਹਮਣੇ ਆਏ। ਸੂਬੇ 'ਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਸੰਖਿਆ 7,81,441 ਹੋ ਗਈ ਹੈ। ਇਨ੍ਹਾਂ 'ਚੋਂ 20,455 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਰਣਨਯੋਗ ਹੈ ਕਿ 1 ਅਪ੍ਰੈਲ ਤੋਂ ਹੁਣ ਤੱਕ 149 ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਕੋਰੋਨਾ ਦੇ ਵਧਦੇ ਦਬਾਅ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 14 ਦਿਨਾਂ ਵਿੱਚ 64 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਜ਼ਿਲ੍ਹਿਆਂ 'ਚ ਅੱਜ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ 'ਚੋਂ ਜਲੰਧਰ 'ਚ 45, ਮੋਹਾਲੀ 29, ਹੁਸ਼ਿਆਰਪੁਰ 18, ਲੁਧਿਆਣਾ 17, ਅੰਮ੍ਰਿਤਸਰ 14, ਬਠਿੰਡਾ 8 ਤੇ ਰੋਪੜ ਦੇ 7 ਮਰੀਜ਼ ਸ਼ਾਮਲ ਹਨ। ਸੂਬੇ 'ਚ ਅੱਜ ਸਿਰਫ 7411 ਸੈਂਪਲ ਜਾਂਚ ਲਈ ਭੇਜੇ ਗਏ। ਵੱਖ-ਵੱਖ ਜ਼ਿਲ੍ਹਿਆਂ 'ਚ 86 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦਕਿ 25 ਆਈ.ਸੀ.ਯੂ. 'ਚ, ਇਕ ਮਰੀਜ਼ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਵਰਤਮਾਨ 'ਚ ਸੂਬੇ ਵਿੱਚ 1775 ਐਕਟਿਵ ਮਰੀਜ਼ ਰਹਿ ਗਏ ਹਨ। ਪਾਜ਼ੇਟਿਵਿਟੀ ਦਰ 2.67 ਫ਼ੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਦਸੂਹਾ ’ਚ ਭਿਆਨਕ ਸੜਕ ਹਾਦਸੇ ’ਚ ਜਾਨ ਗੁਆਉਣ ਵਾਲੇ 2 ਸਕੇ ਭਰਾਵਾਂ ਦਾ ਹੋਇਆ ਅੰਤਿਮ ਸੰਸਕਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।