ਜ਼ਰੂਰੀ ਖ਼ਬਰ : ਚੰਡੀਗੜ੍ਹ 'ਚ ਲੱਗੀਆਂ ਪਾਬੰਦੀਆਂ ਹੋਈਆਂ ਹੋਰ ਸਖ਼ਤ, ਇਨ੍ਹਾਂ ਟੂਰਿਸਟ ਥਾਵਾਂ 'ਤੇ 'Entry' ਬੰਦ
Wednesday, Apr 14, 2021 - 09:29 AM (IST)
ਚੰਡੀਗੜ੍ਹ (ਵਿਜੇ) : ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ 'ਚ ਲੱਗੀਆਂ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਪਾਬੰਦੀਆਂ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਮੰਗਲਵਾਰ ਨੂੰ ਹੋਈ ਵਾਰ ਰੂਮ ਦੀ ਮੀਟਿੰਗ ਵਿਚ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਈ। ਪ੍ਰਸ਼ਾਸਨ ਨੇ ਨਾਈਟ ਕਰਫ਼ਿਊ ਦਾ ਸਮਾਂ ਹੁਣ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਰਾਤ ਵੇਲੇ ਸਾਰੀ ਗੈਰ-ਜ਼ਰੂਰੀ ਆਵਾਜਾਈ ’ਤੇ ਪੂਰੀ ਤਰ੍ਹਾਂ ਨਾਲ ਰੋਕ ਰਹੇਗੀ।
ਇਹ ਵੀ ਪੜ੍ਹੋ : ਰਾਜਪੁਰਾ 'ਚ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
ਵੀਕੈਂਡ 'ਤੇ ਬੰਦ ਰਹੇਗੀ ਸੁਖਨਾ ਝੀਲ
ਇਸ ਦੇ ਨਾਲ ਹੀ ਸੁਖਨਾ ਝੀਲ ਨੂੰ ਵੀ ਵੀਕੈਂਡ ’ਤੇ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਜਦੋਂ ਤੱਕ ਕੋਰੋਨਾ ਦੀ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ, ਉਦੋਂ ਤੱਕ ਸੁਖਨਾ ਝੀਲ ਸੈਲਾਨੀਆਂ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰਹੇਗੀ। ਸ਼ਹਿਰ ਦੇ ਦੂਜੇ ਪ੍ਰਮੁੱਖ ਟੂਰਿਸਟ ਸਪਾਟ ਰਾਕ ਗਾਰਡਨ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਰੱਖਿਆ ਜਾਵੇਗਾ। ਆਊਟਡੋਰ ਵਿਚ ਹੋਣ ਵਾਲੇ ਸਿਆਸੀ, ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਲੋਕਾਂ ਦੀ ਗਿਣਤੀ 200 ਤੱਕ ਹੀ ਸੀਮਤ ਰਹੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 33 ਹਜ਼ਾਰ ਬੱਚਿਆਂ ਨੇ ਛੱਡੇ ਨਿੱਜੀ ਸਕੂਲ, ਸਰਕਾਰੀ ਸਕੂਲਾਂ 'ਚ ਲਿਆ ਦਾਖ਼ਲਾ
ਉੱਥੇ ਹੀ, ਇਨਡੋਰ ਈਵੈਂਟ ਵਿਚ ਇਹ ਗਿਣਤੀ 100 ਤੋਂ ਜ਼ਿਆਦਾ ਨਹੀਂ ਹੋਵੇਗੀ। ਮੀਟਿੰਗ ਦੌਰਾਨ ਮਾਰਕਿਟਾਂ ਵਿਚ ਵੀ ਆਡ ਅਤੇ ਈਵਨ ਨੰਬਰ ਅਨੁਸਾਰ ਦੁਕਾਨਾਂ ਖੋਲ੍ਹਣ ’ਤੇ ਵਿਚਾਰ ਕੀਤਾ ਗਿਆ। ਹਾਲਾਂਕਿ ਟ੍ਰੇਡ ਅਤੇ ਇੰਡਸਟਰੀਜ਼ ਦੀ ਆਰਥਿਕ ਲੋੜ ਨੂੰ ਵੇਖਦੇ ਹੋਏ ਇਸ ’ਤੇ ਕੋਈ ਸਹਿਮਤੀ ਨਹੀਂ ਬਣੀ।
ਨੋਟ : ਚੰਡੀਗੜ੍ਹ 'ਚ ਕੋਰੋਨਾ ਕਾਰਨ ਟੂਰਿਸਟ ਥਾਵਾਂ 'ਤੇ ਐਂਟਰੀ ਬੰਦ ਹੋਣ ਬਾਰੇ ਦਿਓ ਆਪਣੀ ਰਾਏ