''ਕੋਰੋਨਾ'' ਹਾਟਸਪਾਟ ਇਲਾਕੇ ''ਚ ਖੁੱਲ੍ਹ ਰਹੇ ''ਅਹਾਤੇ'', ਸ਼ਰੇਆਮ ਛਲਕਦੇ ਨੇ ਜਾਮ

Monday, Sep 21, 2020 - 09:15 AM (IST)

ਮਾਛੀਵਾੜਾ (ਟੱਕਰ) : ਮਾਛੀਵਾੜਾ ਕੁਹਾੜਾ ਰੋਡ ’ਤੇ ਸਥਿਤ ਇੰਡਸਟਰੀ ਏਰੀਆ ਕੋਰੋਨਾ ਹਾਟ ਸਪਾਟ ਬਣਿਆ ਹੋਇਆ ਹੈ ਪਰ ਇੱਥੇ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਸ਼ਰਾਬ ਠੇਕਿਆਂ ਨਾਲ ਬਣੇ ਅਹਾਤੇ ਸ਼ਰੇਆਮ ਖੋਲ੍ਹੇ ਹੋਏ ਹਨ, ਜਿੱਥੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜਾਮ ਛਲਕਾਏ ਜਾਂਦੇ ਹਨ ਪਰ ਆਮ ਜਨਤਾ ਦਾ ਚਲਾਨ ਕੱਟਣ ਵਾਲਾ ਪੁਲਸ ਪ੍ਰਸ਼ਾਸਨ ਅਮੀਰ ਸ਼ਰਾਬ ਠੇਕੇਦਾਰਾਂ ਉਪਰ ਕਾਰਵਾਈ ਕਰਨ ’ਤੇ ਕਿਉਂ ਬੇਵੱਸ ਹੋ ਜਾਂਦਾ ਹੈ, ਜਿਸ ਦਾ ਲੋਕ ਜਵਾਬ ਮੰਗਦੇ ਹਨ।

ਮਾਛੀਵਾੜਾ ਤੋਂ 5 ਕਿਲੋਮੀਟਰ ਦੂਰੀ ’ਤੇ ਸਥਿਤ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਹਾੜੀਆਂ ਦਾ ਅੱਡਾ ਜਿੱਥੇ ਕਿ ਭਾਰੀ ਗਿਣਤੀ ’ਚ ਪਰਵਾਸੀ ਮਜ਼ਦੂਰਾਂ ਦੇ ਕੁਆਰਟਰ ਹਨ ਅਤੇ ਜਾਣਕਾਰੀ ਅਨੁਸਾਰ ਇਸ ਖੇਤਰ ਦੇ ਆਸ-ਪਾਸ ਸਿਰਫ 4 ਪਿੰਡਾਂ ’ਚ ਹੀ 50 ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਸ ਕਾਰਣ ਇਸ ਇਲਾਕੇ ’ਚ ਬੜੀ ਸਾਵਧਾਨੀ ਵਰਤਣ ਦੀ ਲੋੜ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਾੜੀਆਂ ਅੱਡੇ ਵਿਖੇ ਸ਼ਰਾਬ ਠੇਕੇ ਦੇ ਨਾਲ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਠੇਕੇਦਾਰਾਂ ਵੱਲੋਂ ਅਹਾਤਾ ਖੋਲ੍ਹਿਆ ਹੋਇਆ ਹੈ, ਜਿੱਥੇ ਲੋਕ ਬਿਨ੍ਹਾਂ ਮਾਸਕ ਪਹਿਨੇ, ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਹੋਏ ਜਾਮ ਨਾਲ ਜਾਮ ਟਕਰਾ ਰਹੇ ਸਨ।

ਸਰਕਾਰ ਨੇ ਸ਼ਰਾਬ ਨਾਲ ਬਣੇ ਅਹਾਤੇ ਇਸ ਲਈ ਬੰਦ ਕੀਤੇ ਸਨ ਕਿ ਕੋਰੋਨਾ ਮਹਾਮਾਰੀ ਨਾ ਫੈਲੇ ਅਤੇ ਇਕੱਠ ਵੀ ਨਾ ਹੋਵੇ ਪਰ ਸ਼ਰਾਬ ਠੇਕੇਦਾਰ ਕੁਝ ਪੈਸਿਆਂ ਦੇ ਲਾਲਚ ਖਾਤਰ ਇਹ ਸਭ ਨਿਯਮਾਂ ਨੂੰ ਛਿੱਕੇ ਟੰਗ ਪੁਲਸ ਪ੍ਰਸ਼ਾਸਨ ਦੀ ਪਰਵਾਹ ਕੀਤੇ ਬਿਨ੍ਹਾਂ ਅਹਾਤੇ ਖੋਲ੍ਹ ਕੇ ਕੋਰੋਨਾ ਮਹਾਮਾਰੀ ਨੂੰ ਫੈਲਾਉਣ 'ਚ ਅਹਿਮ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਨੂੰ ਰੋਕਣ ਵਾਲਾ ਪੁਲਸ ਪ੍ਰਸ਼ਾਸਨ ਕਿਤੇ ਵੀ ਨਜ਼ਰ ਨਹੀਂ ਆਉਂਦਾ। ਇੱਥੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪੁਲਸ ਰੋਜ਼ਾਨਾ ਹੀ ਨਾਕਾਬੰਦੀ ਕਰ ਮਾਸਕ ਨਾ ਪਹਿਨਣ ਵਾਲੀ ਆਮ ਜਨਤਾ ਦਾ ਚਲਾਨ ਕੱਟ ਲੱਖਾਂ ਰੁਪਏ ਇਕੱਠਾ ਕਰ ਸਰਕਾਰ ਦਾ ਖਜ਼ਾਨਾ ਭਰ ਰਹੇ ਹਨ ਪਰ ਸ਼ਰਾਬ ਠੇਕੇਦਾਰ ਜੇਕਰ ਨਿਯਮਾਂ ਦੀ ਉਲੰਘਣਾ ਕਰੇ ਤਾਂ ਉਸ ਖਿਲਾਫ਼ ਕਾਰਵਾਈ ਨਾ ਕਰਨਾ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸ਼ੰਕਾ ਦੇ ਘੇਰੇ 'ਚ ਲਿਆ ਕੇ ਖੜ੍ਹੀ ਕਰ ਦਿੰਦਾ ਹੈ।

ਪੱਤਰਕਾਰਾਂ ਵਲੋਂ ਜਦੋਂ ਸ਼ਨੀਵਾਰ ਦੇਰ ਸ਼ਾਮ ਨੂੰ ਹਾੜੀਆਂ ਅੱਡੇ ਨੇੜ੍ਹੇ ਸ਼ਰਾਬ ਠੇਕੇ ਨਾਲ ਨਿਯਮਾਂ ਦੇ ਉਲਟ ਜਾ ਕੇ ਖੁੱਲ੍ਹੇ ਅਹਾਤੇ ਦੀ ਕਵਰੇਜ਼ ਕੀਤੀ ਤਾਂ ਉੱਥੇ ਭੱਜਦੌੜ ਮਚ ਗਈ ਅਤੇ ਤੁਰੰਤ ਅਹਾਤਾ ਬੰਦ ਕਰ ਦਿੱਤਾ ਗਿਆ, ਜਦੋਂ ਕਿ ਇਸ ਤੋਂ ਪਹਿਲਾਂ ਵੀ ਜੁਲਾਈ ਮਹੀਨੇ ’ਚ ਇਹ ਅਹਾਤਾ ਨਿਯਮਾਂ ਤੋਂ ਉਲਟ ਜਾ ਕੇ ਖੁੱਲ੍ਹਾ ਪਾਇਆ ਗਿਆ ਸੀ ਪਰ ਉਸ ਸਮੇਂ ਵੀ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨਾ ਉਸ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ’ਚ ਲਿਆ ਕੇ ਖੜ੍ਹਾ ਕਰਦਾ ਹੈ।

ਅਹਾਤਾ ਚਲਾਉਣ ਵਾਲੇ ਤੋਂ 500 ਰੁਪਏ ਰੋਜ਼ਾਨਾ ਵਸੂਲਦੇ ਨੇ ਸ਼ਰਾਬ ਠੇਕੇਦਾਰ

ਹਾੜੀਆਂ ਅੱਡੇ ਵਿਖੇ ਸ਼ਰਾਬ ਠੇਕੇ ਨਾਲ ਅਹਾਤਾ ਚਲਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੇ 3 ਦਿਨ ਪਹਿਲਾਂ ਹੀ ਇਹ ਅਹਾਤਾ ਖੋਲ੍ਹਿਆ ਹੈ ਅਤੇ ਸ਼ਰਾਬ ਠੇਕੇਦਾਰ ਦੇ ਨੁਮਾਇੰਦੇ ਉਸ ਕੋਲੋਂ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਸਾ ਵਸੂਲਦੇ ਹਨ। ਇੱਥੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਐਕਸਾਇਜ਼ ਮਹਿਕਮੇ ਵਲੋਂ ਅਹਾਤਾ ਖੋਲ੍ਹਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਫਿਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਰਾਬ ਠੇਕੇਦਾਰ ਕਿਵੇਂ ਕਿਸੇ ਤੋਂ ਪੈਸੇ ਵਸੂਲ ਸਕਦੇ ਹਨ।

ਕੀ ਕਹਿਣਾ ਹੈ ਥਾਣਾ ਮੁਖੀ ਦਾ
ਜਦੋਂ ਪਾਬੰਦੀ ਦੇ ਬਾਵਜੂਦ ਹਾੜੀਆਂ ਵਿਖੇ ਸ਼ਰਾਬ ਦਾ ਅਹਾਤਾ ਖੋਲ੍ਹਣ ਸਬੰਧੀ ਥਾਣਾ ਕੂੰਮਕਲਾਂ ਮੁਖੀ ਇੰਸਪੈਕਟਰ ਦਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਂਚ ਕਰਨਗੇ ਅਤੇ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।


Babita

Content Editor

Related News