ਸਰਕਾਰ ਦੀ ਕੋਰੋਨਾ ਨਾਲ ਲੜਾਈ ''ਚ ਯੋਗਦਾਨ ਦੇਣਗੀਆਂ ਰਾਜ ਦੀਆਂ ਆਈ. ਟੀ. ਆਈਜ਼
Tuesday, Apr 14, 2020 - 10:56 PM (IST)
ਲੁਧਿਆਣਾ,(ਵਿੱਕੀ)- ਕੋਰੋਨਾ ਵਾਇਰਸ ਦੇ ਵਿਰੁੱਧ ਜੰਗ 'ਚ ਆਪਣਾ ਯੋਗਦਾਨ ਪਾਉਣ ਲਈ ਆਈ. ਟੀ. ਆਈਜ਼ ਦੇ ਵਿਦਿਆਰਥੀਆਂ ਨੇ ਸਵੈ ਇੱਛਾ ਨਾਲ ਸਿਵਲ, ਪੁਲਸ ਪ੍ਰਸ਼ਾਸਨ ਅਤੇ ਪੰਚਾਇਤਾਂ ਲਈ ਮਾਸਕ ਸਿਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਟ੍ਰੇਨਿੰਗ ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਕੋਰੋਨਾ ਵਾਇਰਸ ਕਾਰਣ ਪੈਦਾ ਹੋਈ ਇਸ ਹਾਲਤ 'ਚ ਵਿਭਾਗ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾਇਆ ਜਾਵੇ। ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਉਹ ਆਈ. ਟੀ. ਆਈਜ਼ ਦੇ ਵਿਦਿਆਰਥੀਆਂ ਤੋਂ ਮੁਫਤ ਮਾਸਕ ਸਿਲਾਈ ਕਰਵਾ ਸਕਦੇ ਹਨ। ਜ਼ਿਲਾ ਪ੍ਰਸ਼ਾਸਨ ਲਈ ਰੋਜ਼ਾਨਾ ਲੱਗਭਗ 50,000 ਮਾਸਕਾਂ ਦੀ ਮੁਫਤ ਸਿਲਾਈ ਕਰਵਾਈ ਜਾ ਸਕਦੀ ਹੈ। ਸਾਰੇ ਡੀ. ਸੀਜ਼ ਨੂੰ ਲਿਖਿਆ ਗਿਆ ਹੈ ਕਿ ਜੇਕਰ ਕੋਈ ਪੰਚਾਇਤ ਮਾਸਕ ਤਿਆਰ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਨੇੜੇ ਦੇ ਆਈ. ਟੀ. ਆਈਜ਼ ਦੇ ਪ੍ਰਿੰਸੀਪਲ ਨੂੰ ਕੱਚਾ ਮਾਲ ਉਪਲੱਬਧ ਕਰਵਾ ਸਕਦੇ ਹਨ ਅਤੇ ਮੁਫਤ 'ਚ ਮਾਸਕ ਸਿਲਾਈ ਕਰਵਾ ਸਕਦੇ ਹਨ।
ਪ੍ਰਤੀ ਵਿਦਿਆਰਥੀ ਤਿਆਰ ਕਰੇਗਾ 25 ਮਾਸਕ
ਉਨ੍ਹਾਂ ਨੇ ਦੱਸਿਆ ਕਿ ਰਾਜ ਦੀਆਂ ਆਈ. ਟੀ. ਆਈਜ਼ 'ਚ ਸਿਲਾਈ ਟੈਕਨਾਲੋਜੀ, ਫੈਸ਼ਨ ਟੈਕਨਾਲੋਜੀ ਦੇ ਟਰੇਡ ਚੱਲ ਰਹੇ ਹਨ। ਇਨ੍ਹਾਂ ਟਰੇਡਸ ਦੇ ਲੱਗਭਗ 2 ਹਜ਼ਾਰ ਵਿਦਿਆਰਥੀਆਂ ਨੇ ਸਵੈ ਇੱਛਾ ਨਾਲ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਸਿਹਤ ਕਰਮਚਾਰੀਆਂ ਲਈ ਮਾਸਕ ਸਿਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਹਰ ਵਿਦਿਆਰਥੀ ਰੋਜ਼ਾਨਾ 25 ਮਾਸਕ ਸਿਲਾਈ ਕਰ ਸਕਦਾ ਹੈ। ਸਾਰੇ ਡੀ. ਸੀਜ਼ ਨੂੰ ਲਿਖੇ ਪੱਤਰ 'ਚ ਵਰਮਾ ਨੇ ਆਈ. ਟੀ. ਆਈਜ਼ ਦੇ ਨਾਮ ਅਤੇ ਫੋਨ ਨੰਬਰ ਅਤੇ ਵਿਦਿਆਰਥੀ ਸੰਖਿਆ ਵੀ ਸਾਂਝੀ ਕੀਤੀ ਹੈ ਜੋ ਇਸ ਕੰਮ 'ਚ ਸਵੈ ਇੱਛਾ ਨਾਲ ਤਾਇਨਾਤ ਹਨ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਵਿਦਿਆਰਥੀ ਆਪਣੇ ਘਰਾਂ ਤੋਂ ਹੀ ਇਹ ਮਾਸਕ ਤਿਆਰ ਕਰਦੇ ਹਨ।
ਹੁਣ ਤੱਕ 50 ਹਜ਼ਾਰ ਮਾਸਕ ਬਣਾ ਚੁੱਕੇ 76 ਆਈ. ਆਈ. ਟੀਜ਼ ਦੇ ਵਿਦਿਆਰਥੀ
ਹੁਣ ਤੱਕ ਰਾਜ ਦੀਆਂ 76 ਵੱਖ-ਵੱਖ ਸਰਕਾਰੀ ਆਈ. ਟੀ. ਆਈਜ਼ ਦੇ ਵਿਦਿਆਰਥੀਆਂ ਵੱਲੋਂ 50 ਹਜ਼ਾਰ ਮਾਸਕ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਵੰਡੇ ਗਏ ਹਨ। ਕੁਝ ਸਥਾਨਾਂ 'ਤੇ ਇਨ੍ਹਾਂ ਮਾਸਕਾਂ ਲਈ ਕੱਚਾ ਮਾਲ ਵੱਖ-ਵੱਖ ਪੰਚਾਇਤਾਂ, ਜ਼ਿਲਾ ਪ੍ਰਸ਼ਾਸਨ ਅਤੇ ਐੱਨ. ਜੀ. ਓ. ਵੱਲੋਂ ਉਪਲੱਬਧ ਕਰਵਾਇਆ ਗਿਆ ਸੀ। ਜਿਥੇ ਕੋਈ ਵਿੱਤੀ ਸਹਾਇਤਾ ਉਪਲੱਬਧ ਨਹੀਂ ਸੀ, ਉਥੇ ਵਿਦਿਆਰਥੀਆਂ ਅਤੇ ਆਈ. ਟੀ. ਆਈ. ਸਟਾਫ ਨੇ ਖੁਦ ਇਸ ਨੇਕ ਕੰਮ 'ਚ ਆਪਣਾ ਯੋਗਦਾਨ ਪਾਇਆ ਹੈ। ਇਸ ਕਾਰਜ ਦਾ ਉਦੇਸ਼ ਇਹ ਸਿੱਧ ਕਰਨਾ ਹੈ ਕਿ ਡਿਊਟੀ 'ਤੇ ਤਾਇਨਾਤ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਦੀ ਕੋਈ ਕਮੀ ਨਹੀਂ ਹੈ। ਪ੍ਰਿੰਸੀਪਲਸ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਉਹ ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸਮੇਂ-ਸਮੇਂ 'ਤੇ ਹੱਥ ਧੋਣ ਦੀ ਸਲਾਹ ਵੀ ਦਿੰਦੇ ਰਹਿਣ।