ਹੁਣ ਵਿਸ਼ੇਸ਼ ਉਡਾਨਾਂ ਰਾਹੀਂ ਭਾਰਤ ਵਾਪਸ ਪੁੱਜੇ ਪ੍ਰਵਾਸੀ ਭਾਰਤੀ ਵੱਖ-ਵੱਖ ਹੋਟਲਾਂ 'ਚ ਹੋਣਗੇ ਏਕਾਂਤਵਾਸ

Tuesday, May 26, 2020 - 05:59 PM (IST)

ਹੁਣ ਵਿਸ਼ੇਸ਼ ਉਡਾਨਾਂ ਰਾਹੀਂ ਭਾਰਤ ਵਾਪਸ ਪੁੱਜੇ ਪ੍ਰਵਾਸੀ ਭਾਰਤੀ ਵੱਖ-ਵੱਖ ਹੋਟਲਾਂ 'ਚ ਹੋਣਗੇ ਏਕਾਂਤਵਾਸ

ਮੋਗਾ (ਸੰਦੀਪ ਸ਼ਰਮਾ): ਕੋਰੋਨਾ ਮਹਾਮਾਰੀ ਦੇ ਚੱਲਦੇ ਸ਼ੁਰੂਆਤੀ ਦੌਰ 'ਚ ਬੇਸ਼ੱਕ ਪ੍ਰਸ਼ਾਸਨ ਵਲੋਂ ਕੀਤੀ ਸੂਝਬੂਝ ਕਾਰਨ ਅੱਜ ਮੋਗਾ ਦਾ ਅੰਕੜਾ ਫਿਰ ਤੋਂ ਜ਼ੀਰੋ ਹੈ, ਪਰ ਰਾਹਤ ਉਪਰੰਤ ਪ੍ਰਸ਼ਾਸਨ ਦੀ ਕਥਿਤ ਛੋਟੀ-ਮੋਟੀ ਲਾਪ੍ਰਵਾਹੀਆਂ ਸ਼ਹਿਰ 'ਤੇ ਭਵਿੱਖ ਵਿਚ ਭਾਰੀ ਪੈ ਸਕਦੀ ਹੈ। ਜਾਣਕਾਰੀ ਅਨੁਸਾਰ ਵਿਸ਼ੇਸ਼ ਉਡਾਨਾਂ ਰਾਹੀਂ ਭਾਰਤ ਵਾਪਸ ਪੁੱਜੇ ਪ੍ਰਵਾਸੀ ਭਾਰਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ 14 ਦਿਨ ਲਈ ਏਕਾਂਤਵਾਸ ਕਰਨ ਦੇ ਟੀਚੇ ਨਾਲ ਸ਼ਹਿਰ ਦੇ ਵੱਖ-ਵੱਖ ਨਾਮੀ ਹੋਟਲਾਂ 'ਚ ਠਹਿਰਾਇਆ ਗਿਆ ਹੈ ਅਤੇ ਏਕਾਂਤਵਾਸ ਦੀ ਵਿਧੀ ਪੂਰੀ ਕੀਤੀ ਜਾ ਰਹੀ ਹੈ, ਪਰ ਏਕਾਂਤਵਾਸ ਇਨ੍ਹਾਂ ਪ੍ਰਵਾਸੀ ਭਾਰਤੀਆਂ 'ਤੇ ਨਿਗਰਾਨੀ ਰੱਖਣ ਲਈ ਕੋਈ ਠੋਸ ਪ੍ਰਸ਼ਾਸਨਿਕ ਪ੍ਰਬੰਧ ਨਾ ਹੋਣਾ ਕਿਸੇ ਵੀ ਸਮੇਂ ਖਤਰਾ ਬਣ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਟਲਾਂ 'ਚ ਠਹਿਰੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਕਥਿਤ ਖਾਣਾ ਖਵਾਉਣ ਅਤੇ ਦੂਰ ਤੋਂ ਮੇਲ ਮਿਲਾਪ ਕਰਨ ਲਈ ਕਈ ਏਕਾਂਤਵਾਸ ਕੀਤੇ ਭਾਰਤੀਆਂ ਦੇ ਪਰਿਵਾਰਕ ਮੈਂਬਰ ਹੋਟਲਾਂ 'ਚ ਚੱਕਰ 'ਤੇ ਚੱਕਰ ਕੱਟ ਰਹੇ ਹਨ, ਪਰ ਹੋਟਲਾਂ ਦੇ ਬਾਹਰ ਕੋਈ ਵੀ ਕਥਿਤ ਪੁਲਸ ਕਰਮਚਾਰੀ ਅਤੇ ਸਿਹਤ ਕਰਮਚਾਰੀ ਤਾਇਨਾਤ ਨਾ ਹੋਣ ਦੇ ਕਾਰਨ ਇਨ੍ਹਾਂ 'ਤੇ ਕਿਸੇ ਪ੍ਰਕਾਰ ਦੀ ਨਿਗਰਾਨੀ ਨਹੀਂ ਹੈ।

ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਵੀ ਵਿਦੇਸ਼ਾਂ ਤੋਂ ਵਾਪਸ ਪੁੱਜੇ ਪ੍ਰਵਾਸੀ ਭਾਰਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਆਰਜ਼ੀ ਤੌਰ 'ਤੇ ਬਣਾਏ ਆਈਸੋਲੇਸ਼ਨ ਵਾਰਡ ਵਿਚ ਏਕਾਂਤਵਾਸ ਕੀਤਾ ਗਿਆ ਸੀ ਅਤੇ ਬਾਅਦ 'ਚ ਕਈ ਯਾਤਰੀਆਂ ਨੂੰ ਹੋਮ ਏਕਾਂਤਵਾਸ ਕਰ ਦਿੱਤਾ ਗਿਆ ਸੀ, ਪਰ ਸੂਤਰਾਂ ਮੁਤਾਬਕ ਹੋਮ ਏਕਾਂਤਵਾਸ ਕੀਤੇ ਗਏ। ਕਈ ਲੋਕ ਅੱਜ ਵੀ ਏਕਾਂਤਵਾਸ ਕੀਤੀ ਅਵਿਧੀ ਪੂਰੀ ਹੋਣ ਤੋਂ ਪਹਿਲਾਂ ਹੀ ਕਥਿਤ ਤੌਰ 'ਤੇ ਬਾਜ਼ਾਰਾਂ ਵਿਚ ਘੁੰਮ ਕੇ ਪ੍ਰਸ਼ਾਸਨ ਨੂੰ ਅੰਗੂਠਾ ਦਿਖਾ ਰਹੇ ਹਨ। ਇਸ ਸਬੰਧੀ ਸਮਾਜ ਸੇਵੀ ਬਲਦੇਵ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਆਪਣੀ ਕਾਰਵਾਈ ਨੂੰ ਸਿਰਫ ਏਕਾਂਤਵਾਸ ਕਰਨ ਤੱਕ ਹੀ ਸੀਮਿਤ ਨਾ ਰੱਖੇ, ਬਲਕਿ ਏਕਾਂਤਵਾਸ ਦੀ ਅਵਿਧੀ ਪੂਰੀ ਹੋਣ ਤੱਕ ਉਕਤ ਲੋਕਾਂ 'ਤੇ ਨਿਗਰਾਨੀ ਰੱਖਣ ਲਈ ਵੀ ਪੁਲਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਕੋਈ ਠੋਸ ਰਣਨੀਤੀ ਅਪਨਾਏ।

ਕੀ ਕਹਿਣਾ ਹੈ ਸਿਵਲ ਸਰਜਨ ਦਾ
ਜਦ ਇਸ ਸਬੰਧੀ ਸਿਵਲ ਸਰਜਨ ਡਾ. ਅੰਦੇਸ਼ ਕੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਤੋਂ ਵਾਪਸ ਪੁੱਜੇ ਕਰੀਬ 15 ਦੇ ਕਰੀਬ ਪ੍ਰਵਾਸੀ ਭਾਰਤੀਆਂ ਨੂੰ ਏਕਾਂਤਵਾਸ ਕੀਤਾ ਗਿਆ ਹੈ, ਪਰ ਉਨ੍ਹਾਂ ਦੇ ਏਕਾਂਤਵਾਸ ਸਥਾਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਏਕਾਂਤਵਾਸ ਕਰਨ ਲਈ ਆਈਸੋਲੇਸ਼ਨ ਵਾਰਡਾਂ ਨੂੰ ਚੁਨਣਾ ਅਤੇ ਉਨ੍ਹਾਂ ਨੂੰ ਕਿੱਥੇ-ਕਿੱਥੇ ਭੇਜਣਾ ਹੈ, ਇਹ ਕਾਰਜ ਜ਼ਿਲ੍ਹਾ ਪ੍ਰਸ਼ਾਸਨ ਦਾ ਹੈ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿੱਥੇ ਏਕਾਂਤਵਾਸ ਕੀਤਾ ਗਿਆ ਹੈ।ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਅੱਜ ਤੋਂ ਸ਼ੁਰੂ ਹੋਵੇਗਾ ਇਨ੍ਹਾਂ ਬੀਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੇ ਟੈਸਟਾਂ ਦਾ ਸਿਲਸਿਲਾ
ਜਾਣਕਾਰੀ ਅਨੁਸਾਰ ਸਰਕਾਰ ਦੇ ਆਦੇਸ਼ਾਂ ਅਨੁਸਾਰ ਅੱਜ ਤੋਂ ਸਿਹਤ ਵਿਭਾਗ ਵੱਲੋਂ ਟੀ. ਬੀ., ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦੀ ਕੋਰੋਨਾ ਜਾਂਚ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਅੱਜ ਵੀ ਵਿਭਾਗ ਵਲੋਂ ਆਸ਼ਾ ਵਰਕਰਾਂ ਸਮੇਤ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ 138 ਦੇ ਕਰੀਬ ਵਰਕਰਾਂ ਦੇ ਟੈਸਟ ਲੈ ਕੇ ਜਾਂਚ ਲਈ ਲੈਬ ਨੂੰ ਭੇਜੇ ਗਏ ਹਨ। ਅੱਜ ਤੱਕ ਮੋਗਾ ਜ਼ਿਲੇ 'ਚ ਕੋਰੋਨਾ ਦੇ ਕੁੱਲ 3115 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 2858 ਨੈਗਟਿਵ ਹੈ, ਜਦਕਿ 278 ਦੇ ਕਰੀਬ ਨਵੇਂ ਭੇਜੇ ਸੈਂਪਲ ਪੈਂਡਿੰਗ ਹਨ।


author

Shyna

Content Editor

Related News