ਦੋਰਾਹਾ ਥਾਣੇ ''ਚ ਕੋਰੋਨਾ ਦਾ ਫਿਰ ਧਮਾਕਾ, ਮੁੱਖ ਮੁਨਸ਼ੀ ਅਤੇ ਸਹਾਇਕ ਮੁਨਸ਼ੀ ਦੀ ਰਿਪੋਰਟ ਆਈ ਪਾਜ਼ੇਟਿਵ

Saturday, Aug 01, 2020 - 05:19 PM (IST)

ਦੋਰਾਹਾ (ਵਿਨਾਇਕ) : ਕੋਰੋਨਾ ਮਹਾਮਾਰੀ ਦੌਰਾਨ ਫਰੰਟ ਲਾਈਨ 'ਤੇ ਡਿਊਟੀ ਕਰਨ ਵਾਲੇ ਦੋਰਾਹਾ ਥਾਣਾ ਦੇ ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਨੇ ਵੱਡੀ ਗਿਣਤੀ 'ਚ ਆਪਣੀ ਲਪੇਟ 'ਚ ਲੈ ਲਿਆ ਹੈ, ਜਿਸ ਕਾਰਨ ਹੁਣ ਤਕ 9 ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਉਪਰੰਤ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਦੋਰਾਹਾ ਥਾਣਾ ਦੇ ਅਧਿਕਾਰੀਆਂ, ਮੁਲਾਜ਼ਮਾਂ 'ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ਹਿਰ ਦੇ ਸਿਆਸੀ 'ਤੇ ਮੋਹਤਵਰ ਵਿਅਕਤੀਆਂ ਵਿਚ ਡਰ ਦਾ ਮਹੌਲ ਪਾਇਆ ਜਾ ਰਿਹਾ ਹੈ। ਦੋਰਾਹਾ ਥਾਣਾ ਵਿਖੇ ਤਾਇਨਾਤ ਵਾਇਰਲੈੱਸ ਆਪਰੇਟਰ ਲਖਵਿੰਦਰ ਸਿੰਘ, ਥਾਣੇਦਾਰ ਹਰਵਿੰਦਰ ਸਿੰਘ, ਥਾਣੇਦਾਰ ਅਵਤਾਰ ਸਿੰਘ, ਥਾਣੇਦਾਰ ਬਰਜਿੰਦਰ ਸਿੰਘ, ਹੌਲਦਾਰ ਹਰਨੇਕ ਸਿੰਘ ਅਤੇ ਹੌਲਦਾਰ ਚਰਨਜੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਫਿਰ ਦੋਬਾਰਾ ਦੋਰਾਹਾ ਥਾਣਾ 'ਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਅਤੇ 2 ਹੋਰ ਪੁਲਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਸਿਹਤ ਵਿਭਾਗ ਵੱਲੋਂ ਦੋਰਾਹਾ ਥਾਣਾ ਨੂੰ ਸੀਲ ਕੀਤਾ ਗਿਆ ਸੀ ਅਤੇ ਕੰਮ ਚਲਾਉਣ ਲਈ ਆਰਜੀ ਥਾਣਾ ਜੀ. ਟੀ. ਰੋਡ ਵਿਖੇ ਸਥਿਤ ਮਾਡਲ ਪੁਲਸ ਪੋਸਟ ਵਿਖੇ ਬਣਾਇਆ ਗਿਆ ਹੈ। 

ਇਹ ਵੀ ਪੜ੍ਹੋ : ਨਵੇਕਲੇ ਢੰਗ ਨਾਲ ਨਵਜੋਤ ਸਿੱਧੂ ਦਾ ਸਰਕਾਰਾਂ ਨੂੰ ਸਿੱਧਾ 'ਚੈਲੇਂਜ'

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈਲਥ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਾਪਤ ਹੋਈਆਂ ਤਾਜ਼ਾ ਰਿਪੋਰਟਾਂ ਅਨੁਸਾਰ ਦੋਰਾਹਾ ਥਾਣਾ 'ਚ ਤਾਇਨਾਤ ਮੁੱਖ ਮੁਨਸ਼ੀ ਅਤੇ ਸਹਾਇਕ ਮੁਨਸ਼ੀ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ। ਜਿਸ ਕਾਰਨ ਦੋਰਾਹਾ ਖੇਤਰ 'ਚ ਭਾਰੀ ਹੜੰਕਪ ਮਚ ਗਿਆ ਹੈ, ਸਿਹਤ ਵਿਭਾਗ ਦੀਆ ਟੀਮਾਂ ਵੀ ਹਰਕਤ 'ਚ ਆ ਗਈਆਂ ਹਨ। ਜਿਨ੍ਹਾਂ ਵੱਲੋਂ ਦੋਰਾਹਾ ਥਾਣਾ ਦੇ 9 ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਹੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਸ਼ਹਿਰ ਦੇ ਮੋਹਤਵਰ ਵਿਅਕਤੀਆਂ ਦੇ ਕੋਰੋਨਾ ਟੈਸਟ ਲੈਣ ਦੀ ਮੁਹਿੰਮ ਆਰੰਭ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, 2 ਮਰੀਜ਼ਾਂ ਦੀ ਮੌਤ, 40 ਨਵੇਂ ਮਾਮਲੇ ਆਏ ਸਾਹਮਣੇ

ਪਾਇਲ ਦੇ ਐੱਸ.ਐੱਮ.ਓ. ਡਾ. ਹਰਪ੍ਰੀਤ ਸੇਖੋਂ ਨੇ ਦੱਸਿਆ ਕਿ ਕੋਰੋਨਾ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਹੋਰ ਇਹਤਿਆਤ ਵਰਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅੰਦਰ ਰਹਿਣ, ਸਾਵਧਾਨੀਆਂ ਵਰਤਣ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਦੋਰਾਹਾ ਥਾਣਾ 'ਚ ਅੱਜ ਕੋਰੋਨਾ ਦੇ ਹੋਏ ਜ਼ਬਰਦਸਤ ਧਮਾਕੇ ਕਾਰਣ ਸ਼ਹਿਰ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ : ਮਾਝੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਸ਼ਮਸ਼ਾਨਘਾਟ 'ਚ ਸਸਕਾਰਾਂ ਲਈ ਘੱਟ ਪਈ ਜਗ੍ਹਾ (ਦੇਖੋ ਤਸਵੀਰਾਂ)


Gurminder Singh

Content Editor

Related News