ਕੋਰੋਨਾ ਇਫੈਕਟ: ਸੁੰਗੜ ਰਿਹਾ ਕਾਰੋਬਾਰ, ਜਾ ਰਹੀਆਂ ਨੇ ਨੌਕਰੀਆਂ

Sunday, Jun 14, 2020 - 12:22 PM (IST)

ਕੋਰੋਨਾ ਇਫੈਕਟ: ਸੁੰਗੜ ਰਿਹਾ ਕਾਰੋਬਾਰ, ਜਾ ਰਹੀਆਂ ਨੇ ਨੌਕਰੀਆਂ

ਗੜ੍ਹਸ਼ੰਕਰ (ਸ਼ੋਰੀ)— ਕੋਰੋਨਾ ਵਾਇਰਸ ਕਾਰਨ ਆਲਮੀ ਪੱਧਰ 'ਤੇ ਮਨੁੱਖ ਜਾਤੀ ਆਫਤ ਝੱਲ ਰਹੀ ਹੈ, ਇਸ ਵਾਇਰਸ ਨਾਲ ਨਜਿੱਠਣ ਲਈ ਵੈਕਸੀਨ ਅਤੇ ਦਵਾਈ ਨਾ ਹੋਣ ਕਾਰਨ ਤਾਲਾਬੰਦੀ ਹੀ ਇਕ ਸੌਖਾ ਸਾਧਨ ਸਰਕਾਰਾਂ ਦੀ ਸਮਝ 'ਚ ਆਇਆ ਸੀ। ਤਾਲਾਬੰਦੀ ਕਾਰਨ ਹਰ ਕਾਰੋਬਾਰ ਪ੍ਰਭਾਵਿਤ ਹੋ ਗਿਆ, ਪ੍ਰਭਾਵ ਵੀ ਇਸ ਹੱਦ ਤੱਕ ਪਿਆ ਕਿ ਜ਼ਰੂਰੀ ਵਸਤੂਆਂ ਨੂੰ ਛੱਡ ਕੇ ਹਰ ਕਾਰੋਬਾਰ ਲਗਾਤਾਰ ਸੁੰਗੜ ਗਿਆ। ਸੁੰਗੜੇ ਹੋਏ ਕਾਰੋਬਾਰ ਕਾਰਨ ਨਿੱਜੀ ਖੇਤਰ 'ਚ ਮੁਲਾਜ਼ਮਾਂ ਦੀ ਛੁੱਟੀ ਹੋਣ ਲੱਗ ਪਈ ਹੈ। ਮਾਲਕ ਕੰਮ ਨਾ ਹੋਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਮੁਲਾਜ਼ਮ ਨੌਕਰੀਆਂ ਜਾਣ ਦੇ ਕਾਰਨ ਆਰਥਿਕ ਆਫਤ ਦੀ ਮਾਰ ਝੱਲ ਰਹੇ ਹਨ। ਦੋਨਾਂ ਪੱਖਾਂ ਦਾ ਆਪੋ ਆਪਣਾ ਤਰਕ ਹੈ ਪਰ ਕੰਮ ਖੁੱਲ੍ਹਣ ਦੇ ਆਸਾਰ ਕਿਸੇ ਵੀ ਧਿਰ ਨੂੰ ਨਜ਼ਰ ਨਹੀਂ ਆ ਰਹੇ। ਅੰਤਰਰਾਸ਼ਟਰੀ ਲੇਬਰ ਸੰਗਠਨ ਦੇ ਅਨੁਸਾਰ ਸੰਸਾਰ ਭਰ 'ਚ ਢਾਈ ਕਰੋੜ ਲੋਕਾਂ ਦੀ ਨੌਕਰੀ ਚਲੇ ਜਾਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

ਕੀ ਕਹਿਣਾ ਹੈ ਕਾਰੋਬਾਰੀਆਂ ਦਾ 
ਜਿਨ੍ਹਾਂ  ਦਫ਼ਤਰਾਂ ਵਿੱਚ ਪੰਜਾਹ ਤੋਂ ਵੱਧ ਵਿਅਕਤੀ ਸਿੱਧੇ ਅਸਿੱਧੇ ਤੌਰ ਤੇ ਕੰਮ ਕਰਦੇ ਸਨ, ਉਨ੍ਹਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਬਿਨਾਂ ਕਮਾਈ ਦੇ ਕਾਰਨ ਮੁਲਾਜ਼ਮਾਂ ਦੀ ਤਨਖਾਹ ਕਿਸ ਤਰ੍ਹਾਂ ਦਿੱਤੀ ਜਾਵੇ ਇਹ ਸਮਝ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਰੇਸ਼ਾਨੀ ਇਹ ਬਣੀ ਹੋਈ ਹੈ ਕਿ ਜੇਕਰ ਸਕਿਲਡ ਮੁਲਾਜ਼ਮਾਂ ਨੂੰ ਕੰਮ ਤੋਂ ਫਾਰਗ ਕੀਤਾ ਜਾਂਦਾ ਹੈ ਅਤੇ ਜਦ ਕੰਮ ਸ਼ੁਰੂ ਹੋਣਗੇ ਤਦ ਇਨ੍ਹਾਂ ਨੂੰ ਕਿੱਥੋਂ ਲਿਆਵਾਂਗੇ ਪਰ ਜਦ ਤੱਕ ਕੰਮ ਚੱਲਦਾ ਨਹੀਂ ਤਦ ਤੱਕ ਇਨ੍ਹਾਂ ਦੀਆਂ ਤਨਖ਼ਾਹਾਂ ਲਈ ਪੈਸਾ ਕਿੱਥੋਂ ਲੈ ਕੇ ਆਈਏ।

PunjabKesari

ਕੀ ਕਹਿਣਾ ਹੈ ਮੁਲਾਜ਼ਮਾਂ ਦਾ 
ਜਿਨ੍ਹਾਂ ਮੁਲਾਜ਼ਮਾਂ ਦੀ ਨੌਕਰੀ ਜਾ ਚੁੱਕੀ ਹੈ ਜਾਂ ਜਾਣ ਵਾਲੀ ਹੈ ਉਨ੍ਹਾਂ ਦਾ ਤਰਕ ਹੈ ਕਿ ਕਈ ਸਾਲ ਜਿਸ ਸੰਸਥਾ ਲਈ ਮਿਹਨਤ ਕਰਕੇ ਕੰਮ ਕੀਤਾ ਹੁਣ ਦੋ ਚਾਰ ਮਹੀਨੇ ਦੀ ਤਨਖ਼ਾਹ ਕੀ ਸਾਡੇ ਮਾਲਕਾਂ ਨੂੰ ਰੜਕਣ ਲੱਗ ਪਈ ਹੈ। ਅਜਿਹੇ ਦੌਰ 'ਚ ਸਾਡੇ ਮਾਲਕ ਹੀ ਤਾਂ ਸਾਡਾ ਇਕ ਸਹਾਰਾ ਸਨ, ਜਿਨ੍ਹਾਂ ਨੇ ਸਾਨੂੰ ਹੁਣ ਅੱਧ ਵਿਚਕਾਰ ਛੱਡ ਦਿੱਤਾ ਹੈ। ਹਾਲਾਤ ਅਜਿਹੇ ਹੋ ਚੁੱਕੇ ਹਨ ਕਿ ਸਾਨੂੰ ਨਾ ਤਾਂ ਸਰਕਾਰਾਂ ਵੇਖ ਰਹੀਆਂ ਹਨ ਨਾ ਹੀ ਮਾਲਕ, ਸਾਨੂੰ ਆਪਣਾ ਭਵਿੱਖ ਹਨੇਰੇ 'ਚ ਨਜ਼ਰ ਆ ਰਿਹਾ ਹੈ।

ਕਿਹੜੇ-ਕਿਹੜੇ ਕਾਰੋਬਾਰ ਕੋਰੋਨਾ ਕਾਰਨ ਹੋਏ ਪ੍ਰਭਾਵਿਤ 
ਉਂਝ ਤਾਂ ਹਰ ਕਾਰੋਬਾਰ ਕੋਰੋਨਾ ਦੀ ਚਪੇਟ 'ਚ ਆ ਚੁੱਕਾ ਹੈ ਪਰ ਛੋਟੇ ਕਾਰਖਾਨੇ, ਸਿੱਖਿਆ ਸੰਸਥਾਵਾਂ, ਟਰਾਂਸਪੋਰਟ ਇੰਡਸਟਰੀ, ਇਮੀਗ੍ਰੇਸ਼ਨ ਕਾਰੋਬਾਰ, ਹੋਟਲ ਰੈਸਟੋਰੈਂਟ ਕਾਰੋਬਾਰ, ਸਵੀਟ ਸ਼ਾਪ, ਮੈਰਿਜ ਪੈਲੇਸ ਆਦਿ ਕਾਰੋਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਹਨ।

ਕੀ ਕਹਿਣਾ ਹੈ ਮਾਹਰਾਂ ਦਾ 
ਅਰਥ ਸ਼ਾਸਤਰੀਆਂ ਦੀ ਨਜ਼ਰ 'ਚ ਸਾਲ 2020 'ਚ ਹਰ ਕਾਰੋਬਾਰ ਦਾ ਲੱਕ ਟੁੱਟ ਚੁੱਕਾ ਹੈ। ਸਰਕਾਰਾਂ ਦੀ ਬੇਵੱਸ ਅਤੇ ਲਾਚਾਰ ਨਜ਼ਰ ਆ ਰਹੀਆਂ ਹਨ, ਅਜਿਹੇ 'ਚ ਇਕ ਸਧਾਰਨ ਵਪਾਰੀ ਕੀ ਸ਼ੈਅ ਹੈ। ਸਮਾਜਿਕ ਵਰਕਰ ਪੰਡਿਤ ਰਵਿੰਦਰ ਗੌਤਮ ਦਾ ਕਹਿਣਾ ਹੈ ਕਿ ਅਜਿਹੇ ਦੌਰ 'ਚ ਘੱਟ ਖਰਚ 'ਚ ਜ਼ਿੰਦਗੀ ਦੀ ਗੁਜ਼ਰ ਬਸਰ ਕਰਨ ਵਾਲਾ ਵਿਅਕਤੀ ਹੀ ਹਾਲਾਤ ਨਾਲ ਨਿਪਟ ਸਕਦਾ ਹੈ ਨਹੀਂ ਤਾਂ ਆਰਥਿਕ ਅਤੇ ਮਾਨਸਿਕ ਤਣਾਓ ਆਪਣੀ ਗ੍ਰਿਫ਼ਤ 'ਚ ਲੈ ਲਵੇਗਾ।


author

shivani attri

Content Editor

Related News