ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ ਕੇਸਾਂ ’ਚ ਫਿਰ ਤੇਜ਼ੀ, 74 ਪਾਜ਼ੇਟਿਵ

Thursday, Feb 11, 2021 - 11:50 PM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ ਕੇਸਾਂ ’ਚ ਫਿਰ ਤੇਜ਼ੀ, 74 ਪਾਜ਼ੇਟਿਵ

ਲੁਧਿਆਣਾ, (ਸਹਿਗਲ)- ਕੋਰੋਨਾ ਦੇ ਕੇਸਾਂ ’ਚ ਅੱਜ ਅਚਾਨਕ ਤਬਦੀਲੀ ਸਾਹਮਣੇ ਆਈ ਹੈ, ਜਿਸ ਤਹਿਤ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ।
ਜ਼ਿਲ੍ਹੇ ਦੇ ਹਸਪਤਾਲਾਂ ’ਚ ਅੱਜ 74 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਇਨ੍ਹਾਂ ’ਚੋਂ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। 74 ਮਰੀਜ਼ਾਂ ਵਿਚ 60 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 14 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਜਿਨ੍ਹਾਂ 3 ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ’ਚੋਂ ਇਕ 65 ਸਾਲਾ ਮਰੀਜ਼ ਸੈਦਾ ਚੌਕ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ ਵਿਚ ਦਾਖਲ ਸੀ, ਜਦੋਂਕਿ ਬਾਕੀ 2 ਮ੍ਰਿਤਕ ਮਰੀਜ਼ ਨਵਾਂਸ਼ਹਿਰ ਦੇ ਰਹਿਣ ਵਾਲੇ ਸਨ।

ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਮੁਤਾਬਕ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 26,214 ਹੋ ਗਈ ਹੈ। ਇਨ੍ਹਾਂ ’ਚੋਂ 1009 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਤੋਂ ਇਲਾਵਾ 4006 ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਸਨ, ਜੋ ਸਥਾਨਕ ਹਸਪਤਾਲਾਂ ’ਚ ਇਲਾਜ ਦੌਰਾਨ ਕੋਰੋਨਾ ਪਾਜ਼ੇਟਿਵ ਆਏ। ਇਨ੍ਹਾਂ ’ਚੋਂ 485 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚੋਂ 24,872 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿਚ 333 ਐਕਟਿਵ ਮਰੀਜ਼ ਰਹਿ ਗਏ ਹਨ।

35 ’ਚੋਂ 33 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ’ਚ ਭੇਜੇ

ਕੱਲ ਸਾਹਮਣੇ ਆਏ 35 ਪਾਜ਼ੇਟਿਵ ਮਰੀਜ਼ਾਂ ’ਚੋਂ 33 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਦੀ ਗਿਣਤੀ 219 ਹੋ ਗਈ ਹੈ।

ਪਿਛਲੇ 2 ਦਿਨ ਤੋਂ ਵਧ ਰਹੇ ਹਨ ਸ਼ੱਕੀ ਮਰੀਜ਼

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਕੱਲ 57 ਸ਼ੱਕੀ ਮਰੀਜ਼ ਸਾਹਮਣੇ ਆਏ, ਜਦੋਂਕਿ ਅੱਜ 38 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਮੌਜੂਦਾ ’ਚ 722 ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ।

2628 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਦੇ ਲਈ ਭੇਜੇ

ਜ਼ਿਲ੍ਹੇ ਵਿਚ ਅੱਜ 2628 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 2035 ਸੈਂਪਲ ਸਿਹਤ ਵਿਭਾਗ ਵੱਲੋਂ ਜਦੋਂਕਿ 593 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ, ਜਦੋਂਕਿ 1138 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ।

ਜ਼ਿਲ੍ਹੇ ਦੇ ਹਸਪਤਾਲਾਂ ’ਚ 89 ਪਾਜ਼ੇਟਿਵ ਮਰੀਜ਼ ਦਾਖਲ

ਜ਼ਿਲ੍ਹੇ ਦੇ ਹਸਪਤਾਲਾਂ ਵਿਚ 89 ਪਾਜ਼ੇਟਿਵ ਮਰੀਜ਼ ਦਾਖਲ ਹਨ। ਇਨ੍ਹਾਂ ਵਿਚੋਂ 14 ਮਰੀਜ਼ ਸਰਕਾਰੀ ਹਸਪਤਾਲਾਂ ਵਿਚ, ਜਦੋਂਕਿ 75 ਮਰੀਜ਼ ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ ਇਕ ਮਰੀਜ਼ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਵੈਂਟੀਲੇਟਰ ਲਾਇਆ ਗਿਆ ਹੈ।

36 ਮਰੀਜ਼ ਹੋਏ ਡਿਸਚਾਰਜ

ਕੋਰੋਨਾ ਤੋਂ ਠੀਕ ਹੋਣ ਉਪਰੰਤ ਅੱਜ 36 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ। ਸਿਹਤ ਅਧਿਕਾਰੀਆਂ ਮੁਤਾਬਕ ਉਨ੍ਹਾਂ ਵੱਲੋਂ ਲਏ ਗਏ ਸੈਂਪਲ ਨੈਗੇਟਿਵ ਆਏ ਹਨ ਪਰ ਸਾਰਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।


 


author

Bharat Thapa

Content Editor

Related News