ਕੋਰੋਨਾ ਖਿਲਾਫ ਪ੍ਰਸ਼ਾਸਨ ਦੀ ਜੰਗ, ਨਗਰ ਕੌਂਸਲ ਵਲੋਂ ਕਸਬੇ ਦੀ ਸੈਨੇਟਾਈਜੇਸ਼ਨ ਦਾ ਕੰਮ ਜਾਰੀ

03/23/2020 5:02:15 PM

 ਡੇਰਾ ਬਾਬਾ ਨਾਨਕ (ਵਤਨ) - ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪੁਲਸ, ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ’ਤੇ ਕੋਰੋਨਾ ਖਿਲਾਫ ਜੰਗ ਛੇੜ ਦਿੱਤੀ ਗਈ ਹੈ। ਇਸ ਦੌਰਾਨ ਕਸਬੇ ਸਿਵਲ ਹਸਪਤਾਲ ਵਿਚ ਸੰਭਾਵਿਤ ਮਰੀਜ਼ਾ ਲਈ ਬਣਾਏ ਗਏ ਆਈਸੋਲੇਸ਼ਨ ਵਾਰਡਾਂ ਦੀ ਜਾਂਚ ਕਰਨ ਲਈ ਜ਼ਿਲਾ ਗੁਰਦਾਸਪੁਰ ਦੇ ਸਿਵਲ ਸਰਜਨ ਡਾ. ਕਿਸ਼ਨ ਚੰਦ ਵਲੋਂ ਅਚਨਚੇਤ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿਚ ਸਟਾਫ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਵਲ ਸਰਜਨ ਗੁਰਦਾਸਪੁਰ ਵਲੋਂ ਸਿਵਲ ਹਸਪਤਾਲ ਦੀ ਉਪਰਲੀ ਮੰਜ਼ਿਲ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਹਰਪਾਲ ਸਿੰਘ ਵਲੋਂ ਕਸਬੇ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸਿਹਤ ਵਿਭਾਗ ਵਲੋਂ ਬਣਾਏ ਗਏ ਆਈਸੋਲੇਸ਼ਨ ਵਾਰਡਾਂ ਬਾਰੇ ਵੀ ਸਿਵਲ ਸਰਜਨ ਨੂੰ ਜਾਣਕਾਰੀ ਦਿੱਤੀ।

PunjabKesari

ਕਸਬੇ ਦੀ ਨਗਰ ਕੌਂਸਲ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਈ. ਓ. ਅਨਿਲ ਮਹਿਤਾ ਦੀ ਅਗਵਾਈ ਹੇਠ ਕਸਬੇ ਦੇ ਗਲੀਆਂ ਬਜ਼ਾਰਾਂ ਨੂੰ ਸੇਨੇਟਾਈਜ ਕਰਨ ਲਈ ਅੱਜ ਦੋ ਵਾਰ ਸਪਰੇਆਂ ਕੀਤੀਆਂ ਗਈਆਂ। ਕਸਬੇ ਵਿਚ ਸਫਾਈ ਪ੍ਰਬੰਧਾਂ ਵਿਚ ਤੇਜੀ ਲਿਆਂਦੀ ਗਈ। ਨਗਰ ਕੌਂਸਲ ਦੇ ਜੂਨੀਅਰ ਸਹਾਇਕ ਮਨਪ੍ਰੀਤ ਬੰਦੇਸ਼ਾ ਅਤੇ ਇਨ੍ਹਾ ਕੰਮਾਂ ਦੀ ਦੇਖ ਰੇਖ ਕਰ ਰਹੇ ਦਵਿੰਦਰ ਪਾਲ ਸਿੰਘ ਬੇਦੀ ਵਲੋਂ ਆਪਣੀ ਨਿਗਰਾਨੀ ਹੇਠ ਜਿਥੇ ਕਸਬੇ ਵਿਚ ਸੇਨੇਟਾਈਜੇਸ਼ਨ ਲਈ ਸਪਰੇਆਂ ਕਰਵਾਈਆਂ ਗਈਆਂ, ਉਥੇ ਕਸਬੇ ਵਿਚ ਮੁਨਾਦੀ ਕਰਵਾਈ ਜਾ ਰਹੀ ਹੈ ਕਿ ਲੋਕਾਂ ਘਰਾਂ ਵਿਚੋਂ ਨਾ ਨਿਕਲਣ।

ਪੁਲਸ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਲਗਵਾਏ ਕਰਫਿਊ ਨੂੰ ਲਾਗੂ ਕਰਵਾਉਣ ਲਈ ਐੱਸ.ਡੀ.ਐੱਮ. ਗੁਰਸਿਮਰਨ ਸਿੰਘ ਢਿਲੋਂ, ਡੀ. ਐੱਸ. ਪੀ. ਲਖਵਿੰਦਰ ਸਿੰਘ ਕਲੇਰ ਅਤੇ ਐੱਸ.ਐੱਚ.ਓ. ਦਲਜੀਤ ਸਿੰਘ ਪੱਡਾ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਨ ਅਤੇ ਘਰਾਂ ਵਿਚ ਰਹਿਣ ਲਈ ਕਿਹਾ ਗਿਆ। ਐੱਸ.ਡੀ.ਐੱਮ ਗੁਰਸਿਮਰਨ ਸਿੰਘ ਢਿਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰਾਂ ਵਿਚ ਰਹਿਣ। ਇਸ ਦੌਰਾਨ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਰਕਾਰ ਵਲੋਂ ਦਿੱਤੇ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਜੇਕਰ ਕੋਈ ਵਿਅਕਤੀ ਇਸ ਕਰਫਿਊ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News