ਕੋਰੋਨਾ ਦੇ ਦੌਰ ''ਚ ਦੋ ਫਿਲਮਾਂ ਦੇ ਹਵਾਲੇ ਤੋਂ ਇਨਸਾਨੀਅਤ ਨੂੰ ਸਮਝਣ ਦਾ ਤਹੱਈਆ

Sunday, Mar 29, 2020 - 05:41 PM (IST)

ਕੋਰੋਨਾ ਦੇ ਦੌਰ ''ਚ ਦੋ ਫਿਲਮਾਂ ਦੇ ਹਵਾਲੇ ਤੋਂ ਇਨਸਾਨੀਅਤ ਨੂੰ ਸਮਝਣ ਦਾ ਤਹੱਈਆ

ਹਰਪ੍ਰੀਤ ਸਿੰਘ ਕਾਹਲੋਂ 

ਇਹ ਵਿਲੱਖਣ ਸਬੱਬ ਬਣਿਆ ਹੋਇਆ ਹੈ ਕਿ ਇਕ ਦਿਨ ’ਚ ਦੋ ਫਿਲਮਾਂ ਸਿਨੇਮਾ ਘਰਾਂ 'ਚ ਪਰਦਾਪੇਸ਼ ਹੁੰਦੀਆਂ ਹਨ ਅਤੇ ਦੋਵਾਂ ਦੇ ਨੁਕਤੇ 'ਚ ਸਾਂਝ ਹੈ। ਸ਼ੂਜੀਤ ਸਰਕਾਰ ਦੀ ਫਿਲਮ 'ਅਕਤੂਬਰ' ਅਤੇ ਸ਼ਿਤਿਜ ਚੌਧਰੀ ਦੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਮੁਸੀਬਤ ਦੇ ਵੇਲੇ ਲੋਕਾਂ ਦਾ ਇਕ ਦੂਜੇ ਲਈ ਖੜ੍ਹਣ ਦੇ ਹੌਂਸਲੇ ਦਾ ਬਿਆਨ ਹੈ। ਇਹ ਫ਼ਿਲਮਾਂ 2018 'ਚ ਆਈਆਂ ਸਨ। ਦੋਵੇਂ ਫਿਲਮਾਂ ਦੀ ਕਹਾਣੀਆਂ ਅਕਤੂਬਰ ਦੇ ਮੌਸਮ 'ਚ ਸ਼ੁਰੂ ਹੁੰਦੀਆਂ ਹਨ। ਫਿਲਮ ਅਕਤੂਬਰ ਮੌਤ ਦੀ ਦਹਿਲੀਜ਼ 'ਤੇ ਖੜ੍ਹੀ ਕੁੜੀ ਸ਼ਿਵਲੀ ਲਈ ਉਮੀਦ ਰੱਖਣ ਅਤੇ ਉਸ ਉਮੀਦ 'ਚ ਬੰਦਿਆਂ ਦੀ ਸਾਂਝ ਦੀ ਕਹਾਣੀ ਹੈ। ਸ਼ਿਵਲੀ ਹੋਟਲ ਦੀ ਛੱਤ ਤੋਂ ਡਿੱਗ ਗਈ। ਹਸਪਤਾਲ 'ਚ ਜ਼ਿੰਦਗੀ ਲਈ ਸੰਘਰਸ਼ ਕਰਦੀ ਕੁੜੀ ਦੀ ਮਾਂ ਅਤੇ ਉਸ ਦੇ ਭੈਣ-ਭਰਾ ਕੋੜੇ ਤਜ਼ਰਬਿਆਂ ’ਚੋਂ ਲੰਘ ਰਹੇ ਹਨ। ਇਸ ਵੇਲੇ ਉਨ੍ਹਾਂ ਨੂੰ ਸਲਾਹਾਂ ਮਿਲ ਰਹੀਆਂ ਹਨ ਕਿ ਤੁਸੀ ਉਮੀਦ ਨਾ ਰੱਖੋ ਅਤੇ ਜੇ ਤੁਸੀ ਆਪਣੀ ਕੁੜੀ ਨੂੰ ਜ਼ੇਰੇ ਇਲਾਜ ਰੱਖਦੇ ਵੀ ਹੋ ਤਾਂ 21 ਸਾਲਾ ਦੀ ਕੁੜੀ ਦੀ ਜ਼ਿੰਦਗੀ 'ਚ ਮੰਜੇ 'ਤੇ ਗੁਜ਼ਾਰਦਿਆਂ ਬਾਕੀ ਬੱਚਦਾ ਵੀ ਕੀ ਹੈ ? ਇਹ ਸੋਚ ਦੁਨੀਆਦਾਰੀ ਦੀ 'ਬੀ ਪ੍ਰੈਕਟੀਕਲ' ਨਜ਼ਰੀਏ ਦੀ ਹੈ, ਜਿੱਥੇ ਹਸਪਤਾਲ ਦੇ ਮਹਿੰਗੇ ਇਲਾਜ, ਦਵਾਈਆਂ ਅਤੇ ਖਰਚੇ ਨੇ ਮਾਪਿਆਂ ਦਾ ਲੱਕ ਤੋੜ ਦਿੱਤਾ ਹੈ। ਇਸ ਸਭ 'ਚ ਡੈਨ (ਵਰੁਣ ਧਵਨ) ਉਸ ਸਾਂਝ ਨੂੰ ਨਿਭਾਉਂਦਾ ਹੈ।

ਇਹ ਪ੍ਰੇਮ ਕਹਾਣੀ ਵੀ ਨਹੀਂ ਹੈ। ਬੱਸ ਇਕ ਰਿਸ਼ਤਾ ਹੈ। ਉਸ ਦੇ ਨਾਮਕਰਨ 'ਚ ਨਾ ਜਾਓ। ਉਹ ਸਿਰਫ ਇਸ ਬਿਨ੍ਹਾ 'ਤੇ ਸ਼ਿਵਲੀ ਕੋਲ ਹਸਪਤਾਲ ਜਾਂਦਾ ਹੈ, ਕਿਉਂਕਿ ਉਸ ਨੇ ਛੱਤ ਤੋਂ ਡਿੱਗਣ ਤੋਂ ਠੀਕ ਪਹਿਲਾਂ ਪੁੱਛਿਆ ਸੀ,"ਡੈਨ ਕਿੱਥੇ ਹੈ ?" ਫਿਲਮ ਦਾ ਨਾਇਕ ਇਸੇ ਅਹਿਸਾਸ ਨਾਲ ਸ਼ਿਵਲੀ ਲਈ ਉਮੀਦ ਰੱਖਦਾ ਹੈ। ਉਸ ਦੇ ਘਰ ਵਾਲਿਆਂ ਲਈ ਉਮੀਦ ਬਣਦਾ ਹੈ ਅਤੇ ਦਰਦ 'ਚ ਅਜਿਹੀ ਸਾਂਝ ਉਨ੍ਹਾਂ ਨੂੰ ਜ਼ਿੰਦਗੀ ਦਾ ਮੁਸ਼ਕਲ ਸਮਾਂ ਲੰਘਾਉਣ 'ਚ ਤਾਕਤ ਬਖਸ਼ਦੀ ਹੈ। ਗੋਲਕ ਬੁਗਨੀ ਬੈਂਕ ਅਤੇ ਬਟੂਆ ਫਿਲਮ ਦੀ ਕਹਾਣੀ ਦਾ ਕੇਂਦਰ ਤੱਤ ਵੀ ਇਹੋ ਤਾਂ ਹੈ। ਇਹ ਫਿਲਮ ਜਿੱਥੇ ਅਕਤੂਬਰ ਮੌਤ ਦੀ ਦਹਿਲੀਜ਼ 'ਤੇ ਉਮੀਦ ਦਾ ਬਿਆਨ ਹੈ, ਉੱਥੇ ਗੋਲਕ ਬੁਗਨੀ ਬੈਂਕ ਤੇ ਬਟੂਆ ਜ਼ਿੰਦਗੀ ਦੀ ਚਾਲਸਾਜ਼ੀਆਂ 'ਚ ਮੁਹੱਬਤ ਦਾ ਬਿਆਨ ਹੈ। ਇਹ ਉਹੀ ਮੁਹੱਬਤ ਦਾ ਬਿਆਨ ਹੈ, ਜਿੱਥੇ ਬੰਦੇ ਦੀ ਪਰਖ ਅਤੇ ਰਿਸ਼ਤਿਆਂ ਦੇ ਮਾਪਦੰਡ ਪੈਸੇ ਨਾਲ ਤੈਅ ਹੋ ਰਹੇ ਹਨ। ਜਿੱਥੇ ਨੋਟਬੰਦੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਸ ਮਾਹੌਲ 'ਚ ਮੁਹੱਲੇ ਦੇ ਬੰਦੇ ਪੈਸੇ ਤੋਂ ਪਾਰ ਦੀ ਸਾਂਝ ਬਣਨ ਅੱਗੇ ਆਉਂਦੇ ਹਨ। ਫਿਲਮ ਦੀ 1977 ਦੀ ਕਹਾਣੀ 'ਚ ਛਿੰਦੀ (ਆਦਿੱਤੀ ਕਪੂਰ) ਕਹਿੰਦੀ ਹੈ ਕਿ ਹੁਣ ਵਿਆਹ ਤੋਂ ਬਾਅਦ ਅੱਗੇ ਲਈ ਪੈਸੇ ਜੋੜੀਏ। ਭੋਲੇ (ਅਮਰਿੰਦਰ ਗਿੱਲ) ਦਾ ਜਵਾਬ ਹੈ ਕਿ ਜੋ ਕੁਝ ਹੁਣ ਤੱਕ ਹੋਇਆ ਉਹ ਪੈਸੇ ਨਾਲ ਨਹੀਂ ਹੋਇਆ। ਜਿੰਨ੍ਹਾ ਲੋਕ ਕਮਾ ਲਏ ਉਨ੍ਹਾਂ ਨੂੰ ਹੋਰ ਦੀ ਕੀ ਲੋੜ ਹੈ। ਇਹੋ ਅਹਿਸਾਸ ਰਫਤਾਰ ਭਰੀ ਜ਼ਿੰਦਗੀ 'ਚ ਸਭ ਤੋਂ ਵੱਧ ਲੱਭਣ ਦੀ ਲੋੜ ਹੈ।

ਗੋਲਕ ਬੁਗਨੀ ਬੈਂਕ ਤੇ ਬਟੂਆ ਤੇ ਅਕਤੂਬਰ ਬੰਦਿਆਂ ਦੀ ਉਸੇ ਸਾਂਝ ਦੀ ਕਹਾਣੀ ਹੀ ਤਾਂ ਹੈ। ਇਸ ਕਹਾਣੀ 'ਚ ਉਮੀਦ ਹੈ, ਨਹੀਂ ਤਾਂ ਹਸਪਤਾਲ 'ਚ ਜ਼ੇਰੇ ਇਲਾਜ ਦਾ ਖਰਚਾ ਤਾਂ ਸ਼ਿਵਲੀ ਦੀ ਮਾਂ ਦਾ ਲੱਕ ਹੀ ਤੋੜ ਦਿੰਦਾ ਹੈ। ਇਸ ਕਹਾਣੀ 'ਚ ਇਹੋ ਉਮੀਦ ਹੈ,ਨਹੀਂ ਤਾਂ ਗੋਲਕ ਬੁਗਨੀ ਦੇ ਕਿਰਦਾਰ ਸਰਕਾਰ ਦੀ ਨੋਟਬੰਦੀ 'ਚ ਰੁਲਦੇ ਤਮਾਸ਼ਾ ਬਣਦੇ ਆਪਣੀ ਕੁੜੀ ਦੇ ਰਿਸ਼ਤੇ ਲਈ ਉਸ ਮੋੜ 'ਤੇ ਖੜ੍ਹੇ ਹਨ ਜਿੱਥੇ ਉਨ੍ਹਾਂ ਦੀ ਕੁੜੀ ਦਾ ਰਿਸ਼ਤਾ ਟੁੱਟ ਸਕਦਾ ਹੈ। ਮੁਹੱਲੇ ਦੇ ਵਾਸੀ ਇਸ ਜਜ਼ਬੇ 'ਚ ਸਾਹ 'ਚ ਸਾਹ ਰਲਾਉਂਦੇ ਆ ਖੜ੍ਹੇ ਹੁੰਦੇ ਹਨ ਅਤੇ ਕੁੜੀ ਦਾ ਵਿਆਹ ਕਰਵਾ ਦਿੰਦੇ ਹਨ। ਕੋਰੋਨਾ ਦੇ ਇਸ ਦੌਰ 'ਚ ਤਾਲਾਬੰਦੀ ਕਰਦਿਆਂ ਦਿੱਲੀ ਨੋਇਡਾ ਦੇ ਆਨੰਦ ਵਿਹਾਰ ਦੇ ਬੱਸ ਅੱਡਿਆਂ 'ਤੇ ਮਜ਼ਦੂਰਾਂ ਦੀ ਭੀੜ ਇਹੋ ਬਿਆਨ ਕਰਦੀ ਕਿ ਸਰਕਾਰਾਂ ਨੇ ਤਾਲਾਬੰਦੀ ਕਰਦਿਆਂ ਇਨ੍ਹਾਂ ਮਜ਼ਦੂਰਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਖੈਰ ਪਿਛਲੇ ਦਿਨਾਂ 'ਚ ਇਸ ਗੱਲ 'ਤੇ ਚਰਚਾ ਹੋ ਰਹੀ ਸੀ ਕਿ ਪੰਜਾਬ ਪੰਜਾਬੀ ਪੰਜਾਬੀਅਤ 'ਚ ਇਕ ਮਹੀਨ ਤੰਦ ਅਣਗੋਲੀ ਗਈ ਹੈ। ਉਹ ਹੈ ਕਿ ਪੰਜਾਬੀ ਅਦਬ ਦਾ ਜਸ਼ਨ ਤਾਂ ਖੂਬ ਰਿਹਾ ਹੈ ਪਰ ਪੰਜਾਬ ਦੇ ਦੂਜੀਆਂ ਭਾਸ਼ਾਵਾਂ 'ਚ ਲਿਖਣ ਵਾਲਿਆਂ ਦੀ ਚਰਚਾ ਉਸ ਹਿਸਾਬ ਨਾਲ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਫਿਲਮਾਂ 'ਚ ਵੀ ਸਮੁੱਚੇ ਪੰਜਾਬ ਦੇ ਖਾਸ ਕਿਰਦਾਰ ਫਿਲਮਾਂ ਦੀ ਕਹਾਣੀ ਦਾ ਹਿੱਸਾ ਬਣਦੇ ਹਨ।ਪੰਜਾਬੀ ਅਦਬ 'ਚ ਮੁਲਕ ਰਾਜ ਆਨੰਦ ਤੋਂ ਲੈ ਕੇ ਫਿਲੋਰ ਦੇ ਇਬਨੇ ਇੰਸ਼ਾਂ, ਹਿੰਦੀ ਦੇ ਮੋਹਨ ਰਾਕੇਸ਼ ਨੂੰ ਅਸੀਂ ਪੰਜਾਬੀ ਸ਼ਖਸੀਅਤ ਦੇ ਰੂਪ 'ਚ ਜ਼ਿਰਕ 'ਚ ਨਹੀਂ ਲਿਆ ਸਕੇ।

ਇਹੋ ਹਾਲ ਪੰਜਾਬ ਦੇ ਹਿੰਦੂ ਕਿਰਦਾਰਾਂ ਦਾ ਪੰਜਾਬੀ ਹੋਣ ਦੀ ਪੇਸ਼ਕਾਰੀ ਦਾ ਹੈ। ਸ਼ਿਤਿਜ ਦੀ ਪਹਿਲੀ ਫਿਲਮ 'ਵੇਖ ਬਰਾਤਾਂ ਚੱਲੀਆਂ' ਵੀ ਪੰਜਾਬ ਦੇ ਉਸ ਹਿੱਸੇ ਅਤੇ ਹੁਣ ਗੁਆਂਢ 'ਚ ਪੈਂਦੇ ਹਰਿਆਣਾ 'ਚ ਵੱਸਦੇ ਪੰਜਾਬੀ ਪੁਆਧੀ ਪ੍ਰਭਾਵ ਦੇ ਕਿਰਦਾਰਾਂ ਦਾ ਜ਼ਿਕਰ ਹੈ।ਇਸੇ ਤਰ੍ਹਾਂ ਸ਼ਿਤਿਜ ਦੀ ਗੁਲਕ ਬੁਗਨੀ ਬੈਂਕ ਅਤੇ ਬਟੂਆ ਮੇਰੀ ਨਜ਼ਰੇ ਇਕਲੌਤੀ ਫਿਲਮ ਨਜ਼ਰ ਆ ਰਹੀ ਹੈ, ਜੋ ਸ਼ਹਿਰ ਦੇ ਹਿੰਦੂ ਪੰਜਾਬੀਆਂ ਨੂੰ ਇੰਨੇ ਬਾਰੀਕ ਨਜ਼ਰੀਏ ਤੋਂ ਪੇਸ਼ ਕਰ ਰਹੀ ਹੈ। ਇਸ ਫਿਲਮ ਦਾ ਪੂਰਾ ਕ੍ਰਾਫਟ ਬਹੁਤ ਕਮਾਲ ਹੈ। ਤੁਹਾਨੂੰ ਪੰਜਾਬ ਦੇ ਇਹ ਕਿਰਦਾਰ ਵੇਖਦੇ ਹੋਏ ਇੰਝ ਜਾਪੇਗਾ ਕਿ ਸ਼ਿਤਿਜ ਨੇ ਕਿਸੇ ਮੁਹੱਲੇ 'ਚ ਕੈਮਰਾ ਲਾ ਕੇ ਛੱਡ ਦਿੱਤਾ ਹੋਵੇ ਤੇ ਉਨ੍ਹਾਂ ਦੇ ਅਸਲ ਵਿਹਾਰ ਨੂੰ ਰਿਕਾਰਡ ਕਰ ਲਿਆ ਹੋਵੇ। ਕੱਪੜੇ ਵਾਲੇ ਦੁਕਾਨ ਦੇ ਮਾਲਕ ਅਤੇ ਉਸ ਦਾ ਮੁੰਡਾ, ਹਲਵਾਈ ਅਤੇ ਉਸ ਦੀ ਕੁੜੀ, ਕਾਸਮੈਟਿਕ ਵੇਚਦਾ ਪ੍ਰੋਪਰਾਈਟਰ, ਕਮੇਟੀ ਵਾਲੀ ਆਂਟੀ, ਦੋਧੀ, ਦੁਸ਼ਹਿਰੇ, ਜਗਰਾਤੇ ਕਰਵਾਉਂਦੀਆਂ ਮੁਹੱਲਾ ਕਮੇਟੀਆਂ ਦੀ ਬੈਠਕਾਂ, ਪ੍ਰਧਾਨ, ਰਾਮ ਲੀਲਾ ਕਿੰਨਾ ਕੁਝ ਨਿੱਕੇ ਨਿੱਕੇ ਕੈਨਵਸ 'ਚ ਅਤੇ ਬਰੀਕ ਬੁਣਕਾਰੀ ਜਿਹਾ ਤੁਸੀ ਇਕੋ ਫਿਲਮ 'ਚ ਵੇਖ ਰਹੇ ਹੋ। ਮੁਹੱਲੇ ਦੇ ਲੋਕਾਂ ਦੇ ਸੁਭਾਅ ਅਤੇ ਸਿਆਣਪ 'ਚ ਫਿਲਮ ਉਨ੍ਹਾਂ ਦੇ ਸੰਵਾਦ ਅਤੇ ਹਾਵ-ਭਾਵ ਨੂੰ ਉਸੇ ਬਾਰੀਕੀ ਨਾਲ ਫੜ੍ਹਦੀ ਹੈ। ਪ੍ਰਧਾਨਗੀ ਨੂੰ ਲੈ ਕੇ ਜਦੋ ਜਹਿਦ ਅਤੇ ਕਾਰੋਬਾਰ ਦੇ ਬੁਨਿਆਦੀ ਬੋਲ-ਚਾਲ ਤੋਂ ਲੈ ਕੇ ਫਿਲਮ ਦੀ ਜ਼ੁਬਾਨ ਆਮ ਜ਼ਿੰਦਗੀ ਦੇ ਬਹੁਤ ਨੇੜੇ ਹੈ।

ਅਕਤੂਬਰ ਫਿਲਮ ਦਾ ਸਹਿਜ ਅਤੇ ਅਹਿਸਾਸ ਦਾ ਸੁਖ਼ਨ ਰੰਗ ਫਿਲਮ ਦੀ ਗੀਤਕਾਰੀ 'ਚ ਵੀ ਹੈ। ਗੋਲਕ ਬੁਗਨੀ ਬੈਂਕ ਤੇ ਬਟੂਆ ਫਿਲਮ ਦਾ ਦੇ ਗੀਤ ਤੁਹਾਨੂੰ ਵੱਖਰੇ ਹੀ ਮਾਹੌਲ 'ਚ ਲੈ ਜਾਂਦਾ ਹਨ। ਗੀਤਕਾਰੀ ਦੇ ਲਿਹਾਜ਼ 'ਚ ਇੱਕਲੀ ਇਹੋ ਫਿਲਮ ਨਹੀਂ ਪਿਛਲੇ ਦਿਨਾਂ 'ਚ ਆ ਰਹੀਆਂ ਫਿਲਮਾਂ 'ਚ ਗੀਤਕਾਰੀ ਅੰਦਰ ਬਹੁਤ ਕਮਾਲ ਦੀ ਬੁਣਕਾਰੀ ਨਜ਼ਰ ਆ ਰਹੀ ਹੈ। ਅਜਿਹੀ ਗੀਤਕਾਰੀ 'ਚ ਰਾਜ ਰਣਜੋਧ, ਸਾਬਿਰ ਅਲੀ ਸਾਬਿਰ, ਹਰਮਨ, ਵਿਜੈ ਵਿਵੇਕ ਜਹੇ ਅਦੀਬ ਬੰਦਿਆਂ ਨੂੰ ਥਾਂ ਮਿਲ ਰਹੀ ਹੈ। ਫਿਲਮ ਗੋਲਕ ਬੁਗਨੀ ਜਾਂ ਅਕਤੂਬਰ ਇਸ ਦੌਰ ਦੀ ਰਫ਼ਤਾਰ ਜ਼ਿੰਦਗੀ 'ਚ ਸਹਿਜਤਾ, ਸਾਂਝ ਅਤੇ ਅਹਿਸਾਸ ਨੂੰ ਬਿਆਨ ਕਰਦੀਆਂ ਕਹਾਣੀਆਂ ਹਨ। ਸਾਦਗੀ ਦੀ ਥੁੜ ਹੀ ਇਸ ਦੌਰ ਦਾ ਵੱਡਾ ਕ੍ਰਾਈਸਜ਼ ਹੈ। ਇਹੋ ਕਾਰਨ ਹੈ ਕਿ ਸਾਨੂੰ ਹਵੇਲੀ ਨੁੰਮਾ ਰੈਟਰੋ ਦੌਰ ਦੇ ਢਾਬੇ ਮੋਹੰਦੇ ਹਨ।ਸਾਨੂੰ ਅੰਗਰੇਜ਼ ਤੋਂ ਲੈ ਕੇ ਬੰਬੂਕਾਟ, ਰੱਬ ਦਾ ਰੇਡੀਓ ਤੱਕ ਦੀ ਹਰ ਫ਼ਿਲਮ ਖਿੱਚਦੀ ਹੈ। ਸ਼ਹਿਰੀਏ ਰੰਗ ਦੀ ਜ਼ਿੰਦਗੀ 'ਚ ਅਸੀਂ ਆਪਣੇ ਆਪ ਨੂੰ ਮਾਡਰਨ ਕਹਾਉਂਦੇ ਅੰਗਰੇਜ਼ੀ ਜ਼ੁਬਾਨ ਦੇ ਲਕਬ, ਆਪਣੇ ਮਾਹੌਲ ਤੋਂ ਉਲਟ ਟੀਵੀ, ਰੇਡੀਓ ਦੀ ਐੱਫ.ਐੱਮ ਕਲਚਰਨੁੰਮਾ ਜ਼ੁਬਾਨ ਤੋਂ ਲੈਕੇ ਉਹ ਸਾਰੇ ਪ੍ਰਤੀਕ ਅਪਣਾ ਲਏ ਜਿੰਨ੍ਹਾ ਤੋਂ ਸਾਨੂੰ ਕੋਈ ਪੇਂਡੂ ਗਵਾਰ ਨਾ ਕਹਿ ਸਕੇ। ਇਹ ਸਾਡੀ ਤ੍ਰਾਸਦੀ ਸੀ ਕਿ ਅਸੀਂ ਆਪਣੀ ਪਛਾਣ ਨੂੰ ਲੈਕੇ ਆਪਣੇ ਆਪ ਨੂੰ ਕੋਝਾ ਮਹਿਸੂਸ ਕੀਤਾ।ਇਸੇ 'ਚੋਂ ਅਸੀਂ ਹੁਣ ਉਨ੍ਹਾਂ ਸਾਰੇ ਪ੍ਰਤੀਕਾਂ ਦਾ ਜਸ਼ਨ ਮਨਾਉਂਦੇ ਹਾਂ।

ਸਾਨੂੰ ਠੇਠ ਮਲਵਈ, ਮਝੈਲ, ਪੁਆਧੀਏ ਰੰਗ ਫੇਸਬੁੱਕ 'ਤੇ ਮੋਹੰਦੇ ਹਨ। ਪੰਜਾਬ ਪਿੰਡ ਬਨਾਮ ਸ਼ਹਿਰ ਜਾਂ ਹਿੰਦੂ ਬਨਾਮ ਸਿੱਖ ਹੋ ਗਿਆ।ਗੋਲਕ ਬੁਗਨੀ ਪੰਜਾਬ ਦੇ ਹਿੰਦੂ ਨੂੰ ਵਿਖਾਉਂਦੀ ਉਸ ਦੇ ਪੰਜਾਬੀ ਰੰਗ ਨੂੰ ਸਾਡੇ ਤੱਕ ਪਹੁੰਚਾ ਰਹੀ ਹੈ।ਫਿਲਮ ਦਾ ਇਹ ਵੱਡਾ ਹਾਸਲ ਹੈ।ਅਮਰਿੰਦਰ ਗਿੱਲ ਆਪਣੀ ਗਜ਼ਬ ਦੀ ਅਦਾਕਾਰੀ ਨਾਲ ਆਮ ਬੰਦੇ ਅੰਦਰ ਦੀ ਉਸੇ ਸਹਿਜਤਾ ਦਾ ਪ੍ਰਤੀਕ ਬਣਕੇ ਉਭਰਿਆ ਹੈ।ਉਸ ਦੀ ਸੰਵਾਦ ਅਦਾਇਗੀ ਤੋਂ ਲੈਕੇ ਅਦਾਕਾਰੀ ਸਾਨੂੰ ਆਪਣੇ ਅੰਦਰ ਬੈਠੀ ਸਧਾਰਨਤਾ ਜਹੀ ਲੱਗਦੀ ਹੈ।

‘‘ਤੂੰ ਮੈਂ ਅਧੂਰੇ, ਹੁੰਦੇ ਆਂ ਪੂਰੇ, ਇੱਕ ਦੂਜੇ ਦੇ ਸੰਗ।’

ਇਹ ਗੀਤ ਸਾਦ-ਮੁਰਾਦਾ ਇਹੋ ਰੰਗ ਹੈ। ਬੰਦਾ ਸੁਣੇ ਤਾਂ ਇਸ਼ਕ 'ਚ ਤੁਰ ਜਾਵੇ। ਇਸ਼ਕ 'ਚ ਤੁਰੇ ਤਾਂ ਮੁਹੱਬਤ ਹੋ ਜਾਵੇ। ਨਿਰਾ ਪੁਰਾ ਅਫਸਾਨਾ, ਮੁਹੱਬਤ ਦਾ ਗੀਤ, ਉਨ੍ਹਾਂ ਬੰਦਿਆਂ ਦਾ ਗੀਤ ਜੋ ਗੀਤ ਨਹੀਂ ਸੁਣਦੇ !

1977 ਦੀ ਕਹਾਣੀ ਨੂੰ ਸੁਰਮੀਤ ਮਾਵੀ ਨੇ ਜਿਵੇਂ ਲਿਖਿਆ ਹੈ।ਜਿਵੇਂ ਉਸ ਨੂੰ ਰੰਗ ਦਿੱਤਾ ਹੈ ਉਹ ਬਹੁਤ ਬਾਕਮਾਲ ਹੈ।ਕੁਲ ਜਮ੍ਹਾਂ ਬਾਕੀ ਗੱਲ ਇਹ ਹੈ ਕਿ ਸਿਨੇਮਾ ਤੋਂ ਬਾਹਰ ਆਉਂਦਿਆਂ ਕੋਈ ਕਹਾਣੀ ਤੁਹਾਡੇ ਨਾਲ ਤੁਰਦੀ ਆ ਜਾਵੇ ਤਾਂ ਸਮਝੋ ਉਹ ਕਹਾਣੀ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚੀ ਹੈ। ਦੁਨੀਆਂ ਦਾ ਮੂਲ ਹੈ ਕਿ ਇਹ ਰਿਸ਼ਤਿਆਂ ਦਾ ਬੇਜੋੜ ਨਮੂਨਾ ਹੈ। ਅਜਿਹੇ ਡਰਾਂ ਵਿਚ ਆਪਣੀ ਸੰਭਾਲ਼ ਕਰੋ ਪਰ ਸਵਾਰਥੀ ਅਤੇ ਰੁੱਖੇ ਨਾ ਹੋਵੋ। ਪੰਜ ਵਜੇ ਡਾਕਟਰਾਂ ਦੇ ਨਾਮ ਥਾਲੀਆਂ ਖੜਕਾਉਣ ਵਾਲੇ ਦਿੱਲੀ ਅਤੇ ਹੋਰਾਂ ਸ਼ਹਿਰਾਂ ਤੋਂ ਇਹ ਵੀ ਖ਼ਬਰ ਦਿੰਦੇ ਹਨ ਕਿ ਉਹ ਡਾਕਟਰਾਂ ਨੂੰ ਕਿਰਾਏ ਦਾ ਮਕਾਨ ਖਾਲੀ ਕਰਨ ਨੂੰ ਕਹਿ ਰਹੇ ਹਨ। ਕੋਰੋਨਾ ਨਾਲ ਲੜਦਿਆਂ ਇੱਕ ਦੂਜੇ ਪ੍ਰਤੀ ਇਹ ਦਇਆ ਨਾ ਗਵਾਓ। ਇਕ ਸਮੇਂ ਤੁਹਾਨੂੰ ਆਪਣੇ ਆਪ ਲਈ ਸ਼ਰਮਿੰਦਾ ਨਾ ਹੋਣਾ ਪਵੇ। ਜੇ ਇੰਨੇ ਰੁੱਖੇ ਹੋਕੇ ਤੁਸੀਂ ਬੱਚ ਵੀ ਗਏ ਤਾਂ ਮਰਿਆ ਵਰਗੇ ਹੀ ਹੋ। ਬੰਦਾ ਸਦੀਆਂ ਤੋਂ ਹੀ ਸਵੇਰੇ ਉੱਠਦਾ ਹੈ ਰਾਤ ਨੂੰ ਸੌਂਦਾ ਹੈ । ਆਖਰ ਇਹ ਤੈਅ ਕਿਵੇਂ ਹੋਇਆ ਕਿ ਸਵੇਰੇ ਉੱਠਿਆ ਜਾਂਦਾ ਹੈ ।ਰਾਤ ਨੂੰ ਸੌਂਈ ਦਾ ਹੈ। ਛੇ ਦਿਨ ਕੰਮ ਤੇ ਜਾਣਾ ਹੈ। ਐਤਵਾਰ ਛੁੱਟੀ ਕਰਨੀ ਹੈ।ਸਵੇਰੇ ਘਰ ਤੋਂ ਦਫ਼ਤਰ ਜਾਣਾ ਹੈ ।ਸ਼ਾਮ ਨੂੰ ਦਫ਼ਤਰ ਤੋਂ ਘਰ ਆਉਣਾ ਹੈ। ਇਹ ਹਜ਼ਾਰਾਂ ਸਾਲਾਂ ਦਾ ਰੋਜ਼ਾਨਾ ਚੱਲਦਾ ਅਭਿਆਸ ਹੈ। ਇਕ ਦਮ ਏਸੇ ਤਰ੍ਹਾਂ ਦਾ ਰੋਜ਼ਾਨਾ ਅਭਿਆਸ ਜਦੋਂ ਇੱਕਲੱਖਤ ਖੜੋ ਜਾਵੇ ਤਾਂ ਸੁਭਾਵਕ ਹੈ ਚੇਤਨ ਅਚੇਤਨ ਤੌਰ ’ਤੇ ਬੰਦੇ ਨੂੰ ਕਰਫਿਊ ਦੀ ਫਿਤਰਤ ਸਮਝ ਨਹੀਂ ਆਉਂਦੀ। ਇਹ ਕੋਈ ਪਹਿਲੀ ਮਹਾਂਮਾਰੀ ਨਹੀਂ। ਮੁਸੀਬਤਾਂ ਆਉਂਦੀਆਂ ਹਨ, ਮੁਸੀਬਤਾਂ ਜਾਂਦੀਆਂ ਹਨ ਪਰ ਦੁਨੀਆਂ ਉਸ ਨੂੰ ਯਾਦ ਰੱਖਦੀ ਹੈ ਜਿਹੜੇ ਮੁਸੀਬਤਾਂ ਆਉਣ ਵੇਲੇ ਅੱਗ ਬੁਝਾਉਣ ਵਾਲਿਆਂ ਵਿਚੋਂ ਸਨ।


author

rajwinder kaur

Content Editor

Related News