ਪੌਂਗ ਡੈਮ ''ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂ, ਮੌਨਸੂਨ ਦੀ ਰਫ਼ਤਾਰ ਹੋਈ ਧੀਮੀ

Tuesday, Jul 29, 2025 - 09:03 PM (IST)

ਪੌਂਗ ਡੈਮ ''ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂ, ਮੌਨਸੂਨ ਦੀ ਰਫ਼ਤਾਰ ਹੋਈ ਧੀਮੀ

ਹਾਜੀਪੁਰ (ਜੋਸ਼ੀ) - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਬਿਆਸ ਨਦੀ 'ਤੇ ਬਣੇ ਪੌਂਗ ਬੰਨ੍ਹ ਦਾ ਜਲ ਪੱਧਰ ਅੱਜ 1348 ਫੁੱਟ ਦਰਜ ਕੀਤਾ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ 1390 ਫੁੱਟ ਤੋਂ ਅਜੇ ਵੀ 42 ਫੁੱਟ ਹੇਠਾਂ ਹੈ। ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਦੀ ਰਫ਼ਤਾਰ ਧੀਮੀ ਪੈਣ ਕਾਰਨ ਡੈਮ ਵਿੱਚ ਪਾਣੀ ਦੀ ਆਮਦ ਘੱਟ ਹੋਈ ਹੈ, ਜਿਸ ਨਾਲ ਸਥਿਤੀ ਫਿਲਹਾਲ ਕਾਬੂ ਵਿੱਚ ਹੈ। ਮੌਨਸੂਨ ਦੀ ਸ਼ੁਰੂਆਤੀ ਸਰਗਰਮੀ ਤੋਂ ਬਾਅਦ ਬੰਨ੍ਹ'ਚ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਸੀ ׀ ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਸੰਭਾਵਿਤ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਸੀ । ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਖੇਤਰ ਵਿੱਚ ਬਾਰਿਸ਼ ਵਿੱਚ ਕਮੀ ਆਈ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਜਲ ਪੱਧਰ 'ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।

ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਮੌਜੂਦਾ ਸਥਿਤੀ ਵਿੱਚ ਹੇਠਲੇ ਇਲਾਕਿਆਂ ਵਿੱਚ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੈ। ਕਿਸਾਨਾਂ ਅਤੇ ਸਥਾਨਕ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਪਡੇਟ ਲਈ ਪ੍ਰਸ਼ਾਸਨ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਸੂਚਨਾਵਾਂ 'ਤੇ ਧਿਆਨ ਦੇਣ ਅਤੇ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ 6 ਵਜੇ ਪੌਂਗ ਡੈਮ ਝੀਲ ਦੇ ਪਾਣੀ ਦਾ ਲੈਵਲ 1348.00 ਨੋਟ ਕੀਤਾ ਗਿਆ ਜੋ ਖ਼ਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾਂ ਹੈ। ਇਸ ਸਮੇਂ ਹਿਮਾਚਲ ਤੋਂ ਮਹਾਰਾਣਾ ਪ੍ਰਤਾਪ ਝੀਲ ਵਿੱਚ 1 ਲੱਖ 54 ਹਜ਼ਾਰ 617 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਝੀਲ ਤੋਂ 17544 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਵਿੱਚੋਂ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਅਤੇ 6044 ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਮੌਸਮ ਬੱਦਲ ਛਾਏ ਰਹਿਣਗੇ ਦੱਸਿਆ ਗਿਆ ਹੈ।


author

Inder Prajapati

Content Editor

Related News