ਕੋਵਿਡ-19 ਖਿਲਾਫ ਜੰਗ ’ਚ ਉਤਰੇ ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਸ ਮੁਲਾਜ਼ਮ

Thursday, Apr 09, 2020 - 09:14 AM (IST)

ਕੋਵਿਡ-19 ਖਿਲਾਫ ਜੰਗ ’ਚ ਉਤਰੇ ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਸ ਮੁਲਾਜ਼ਮ

ਚੰਡੀਗੜ੍ਹ/ਰੂਪਨਗਰ (ਅਸ਼ਵਨੀ, ਵਿਜੇ) - ਪੇਸ਼ੇਵਰ ਸਾਂਝ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਦੀ ਇਕ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ ਕਾਰਗਿਲ ਸ਼ਹੀਦ ਦੇ ਪਿਤਾ ਕੋਵਿਡ-19 ਖਿਲਾਫ ਜੰਗ ਲੜਨ ਲਈ ਮੈਦਾਨ ’ਚ ਉਤਰ ਆਏ ਹਨ। ਸ਼ਹੀਦ ਦੇ ਪਿਤਾ ਦੇ ਨਾਲ 65 ਸੇਵਾਮੁਕਤ ਪੁਲਸ ਮੁਲਾਜ਼ਮਾਂ ਨੇ ਵੀ ਕੋਵਿਡ-19 ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ’ਚ ਰੂਪਨਗਰ ਪੁਲਸ ਨੂੰ ਸਹਿਯੋਗ ਦੇਣ ਲਈ ਸਵੈ ਇੱਛਾ ਨਾਲ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਇਕ ਡਿਪਟੀ ਸੁਪਰਡੈਂਟ (ਡੀ.ਐੱਸ.ਪੀ.), 12 ਇੰਸਪੈਕਟਰ, 16 ਸਬ-ਇੰਸਪੈਕਟਰਾਂ (ਐੱਸ.ਆਈ) ਤੋਂ ਇਲਾਵਾ 21 ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.), 11 ਹੈੱਡ ਕਾਂਸਟੇਬਲ ਅਤੇ 4 ਸਾਬਕਾ ਸੈਨਿਕ ਪਹਿਲਾਂ ਹੀ ਮੋੜਾਂ ’ਤੇ ਹਨ। ਇਸ ਤੋਂ ਇਲਾਵਾ ਐੱਨ.ਐੱਫ.ਐੱਲ. ਚੌਕ ਨੰਗਲ ਤੋਂ ਬਨਮਾਜ਼ਰਾ ਅਤੇ ਨਿਊ ਸਤਲੁਜ ਬ੍ਰਿਜ ਘਨੌਲੀ ਤੱਕ ਵੱਖ-ਵੱਖ ਚੈੱਕ ਪੁਆਇੰਟਾਂ ਸਮੇਤ 16 ਚੈੱਕ ਪੁਆਇੰਟਾਂ ’ਤੇ ਤਾਇਨਾਤ ਹਨ। 

ਦੂਜੇ ਪਾਸੇ ਐੱਸ.ਐੱਸ.ਪੀ. ਨੇ ਉਨ੍ਹਾਂ ਦੇ ਹੌਸਲੇ, ਜੋਸ਼ ਅਤੇ ਸਮਰਪਿਤ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕ ਪੁਲਸ ਕਰਮੀ ਹਮੇਸ਼ਾ ਪੁਲਸ ਕਰਮੀ ਰਹਿੰਦਾ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਬਹੁਮੁੱਲੇ ਤਜਰਬੇ ਅਤੇ ਸਮਰੱਥਾਵਾਂ ਨਾਲ ਪੁਲਸ ਕਾਰਵਾਈਆਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਬਲ ਮਿਲੇਗਾ। ਕਾਰਗਿਲ ਜੰਗ ਦੇ ਸ਼ਹੀਦ ਸਰਬਜੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਜੋ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ, ਨੇ ਕਿਹਾ ਕਿ ਸਾਡੇ ਦਿਲਾਂ ’ਚ ਦੇਸ਼ ਦੀ ਸੇਵਾ ਕਰਨ ਦੀ ਇੱਛਾ ਹਮੇਸ਼ਾ ਵਾਂਗ ਪ੍ਰਬਲ ਹੈ। ਸਾਡੇ ਲਈ ਰਾਸ਼ਟਰ ਸਰਬ-ਉਚ ਹੈ।

ਐੱਸ.ਐੱਸ.ਪੀ. ਨੇ ਅੱਗੇ ਕਿਹਾ ਕਿ ਇਹ ਇਕ ਨਵੀਂ ਕਿਸਮ ਦਾ ਖ਼ਤਰਾ ਹੈ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਮੈਂ ਖਾਕੀ ’ਚ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ। ਪੰਜਾਬ ਪੁਲਸ ’ਚ ਆਪਣੇ ਸੇਵਾਕਾਲ ਦੌਰਾਨ 12 ਸਾਲਾਂ ਤੱਕ ਸੀ. ਆਈ. ਏ. ਇੰਚਾਰਜ ਵਜੋਂ ਸੇਵਾਵਾਂ ਨਿਭਾਉਣ ਵਾਲੇ 74 ਸਾਲਾ ਇੰਸਪੈਕਟਰ ਗੁਰਮੇਲ ਸਿੰਘ ਲਈ ਇਹ ਸਮਾਂ ਜਿਥੋਂ ਉਹ 2004 ’ਚ ਛੱਡ ਕੇ ਗਏ ਸਨ, ਉਥੋਂ ਸ਼ੁਰੂ ਕਰਨ ਦਾ ਇਕ ਸ਼ਾਨਦਾਰ ਮੌਕਾ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇਕ ਵਾਰ ਫੇਰ ਆਪਣੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ।


author

rajwinder kaur

Content Editor

Related News