ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਨਹੀਂ ਨਸੀਬ ਹੋ ਰਹੀ ਐਂਬੂਲੈਂਸ, ਖੱਜਲ-ਖੁਆਰ ਹੋ ਰਹੇ ਪੀੜਤ ਪਰਿਵਾਰ
Tuesday, May 11, 2021 - 05:43 PM (IST)
ਫ਼ਰੀਦਕੋਟ (ਜਸਬੀਰ ਸਿੰਘ) : ਸ਼ਹਿਰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲਿਜਾਣ ਲਈ ਐਂਬੂਲੈਂਸਾਂ ਦਾ ਪ੍ਰਬੰਧ ਨਾ ਹੋਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ । ਜਿਸ ਨੂੰ ਲੈ ਕੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ’ਚ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕੋਰੋਨਾ ਨਾਲ ਹੋਈ ਮੌਤ ਨੂੰ ਲਿਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ਕਰਕੇ ਤਿੱਖੀ ਧੁੱਪ ਵਿਚ ਵਾਰਿਸਾਂ ਨੂੰ ਕਈ ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਮੌਕੇ ਪਿੰਡ ਭਾਣਾ ਦੇ ਸਰਪੰਚ ਬਲਵੰਤ ਸਿੰਘ, ਪਿੰਡ ਚੰਦਬਾਜਾ ਦੇ ਸਰਪੰਚ ਲਖਵਿੰਦਰ ਸਿੰਘ ਅਤੇ ਪਰਿਵਾਰ ਨੇ ਮੈਡੀਕਲ ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਐੱਸ.ਐੱਮ.ਓ ਅਤੇ ਸਿਵਲ ਸਰਜਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ ਅਤੇ ਮੀਟਿੰਗ ਦੇ ਬਹਾਨੇ ਲਾ ਕੇ ਫੋਨ ਨਹੀਂ ਚੁੱਕ ਰਹੇ ਜਿਸ ਕਾਰਣ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੂੰ ਲਿਜਾਣ ਲਈ ਮਰੀਜ਼ਾਂ ਦੇ ਵਾਰਿਸਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ।
ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਐੱਸ.ਐੱਮ.ਓ ਨਾਲ ਮੇਰੀ ਗੱਲ ਹੋਈ ਤਾਂ ਉਨ੍ਹਾਂ ਨੇ ਪਹਿਲਾਂ ਫੋਨ ਨਹੀਂ ਚੁੱਕਿਆ ਜਦੋਂ ਇਕ ਘੰਟੇ ਬਾਅਦ ਚੁੱਕਿਆ ਤਾਂ ਉਨ੍ਹਾਂ ਨੇ ਇਕ ਐਂਬੂਲੈਂਸ ਹੋਣ ਦਾ ਬਹਾਨਾ ਲਾ ਕੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਸਰਪੰਚ ਨੇ ਕਿਹਾ ਕਿ ਮੈਡੀਕਲ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਤਾਂ ਆਪਣੇ ਹੱਥ ਖੜ੍ਹੇ ਕਰ ਦੇਵੇ, ਅਸੀਂ ਖੁਦ ਬੰਦੋਬਸਤ ਕਰ ਲਵਾਂਗੇ। ਇਸ ਮਾਮਲੇ ਸਬੰਧੀ ਜਦੋਂ ਐੱਸ.ਐੱਮ.ਓ. ਡਾ ਚੰਦਰ ਸ਼ੇਖਰ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।