ਚੋਰਾਂ ਨੇ ਅੱਧੀ ਰਾਤ ਨੂੰ ਘਰ ''ਚ ਦਾਖਿਲ ਹੋ ਕੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
Monday, Oct 02, 2017 - 09:43 AM (IST)

ਜਲੰਧਰ (ਸੋਨੂੰ)- ਥਾਣਾ ਡਿਵੀਜ਼ਨ ਨੰ-8 'ਚ ਪੈਂਦੇ ਲੰਮਾ ਪਿੰਡ 'ਚ ਬੀਤੀ ਰਾਤ ਚੋਰਾਂ ਵੱਲੋਂ ਇਕ ਘਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਵਾਰਦਾਤ ਵਾਪਰੀ ਉਸ ਸਮੇਂ ਪਰਿਵਾਰਕ ਮੈਂਬਰ ਘਰ 'ਚ ਗਹਿਰੀ ਨੀਂਦ 'ਚ ਸੁੱਤੇ ਹੋਏ ਸਨ। ਜਿਸ ਦਾ ਫਾਇਦਾ ਚੁੱਕਦੇ ਹੋਏ ਚੋਰ ਘਰ 'ਚ ਪਏ ਲੱਖਾਂ ਦੇ ਸਾਮਾਨ 'ਤੇ ਹੱਥ ਸਾਫ ਕਰਕੇ ਫਰਾਰ ਹੋ ਜਾਣ 'ਚ ਸਫਲ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਲੱਖਾਂ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਨੂੰ ਸਵੇਰ ਹੁੰਦਿਆਂ ਪਤਾ ਲੱਗਾ। ਗੱਡੀਆਂ ਦੇ ਸ਼ੀਸ਼ੇ ਬਦਲਣ ਦਾ ਕੰਮ-ਕਾਰ ਕਰਨ ਵਾਲੇ ਮਕਾਨ ਮਾਲਕ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਘਰ 'ਚ ਸੁੱਤੇ ਹੋਏ ਸਨ, ਜਦੋਂ ਉਹ ਸਵੇਰੇ 6 ਵਜੇ ਉਠੇ ਤਾਂ ਵੇਖਿਆ ਕਿ ਕਮਰੇ 'ਚ ਪਈ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਸਦੇ ਅੰਦਰ ਰੱਖੇ 20 ਤੋਲਾ ਸੋਨੇ ਦੇ ਗਹਿਣੇ, 50 ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਮੌਜੂਦ ਨਹੀਂ ਸੀ। ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪੀੜਤ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।