ਪੰਜਾਬ ''ਚ ਵੱਡੀ ਵਾਰਦਾਤ! ਸ਼ਰੇਆਮ ਸਕਿਓਰਿਟੀ ਗਾਰਡ ਦੇ ਬੇਟੇ ਨੂੰ ਮਾਰ ''ਤੀਆਂ ਗੋਲ਼ੀਆਂ
Wednesday, Aug 06, 2025 - 10:58 AM (IST)

ਜਲੰਧਰ (ਵਰੁਣ)– ਜਲੰਧਰ ਸ਼ਹਿਰ ਵਿਚ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਵਾਰਦਾਤਾਂ ਨਾਲ ਲੋਕ ਦਹਿਸ਼ਤ ਵਿਚ ਹਨ। ਕੁਝ ਹੀ ਸਮੇਂ ਵਿਚ ਬਸਤੀਆਂ ਇਲਾਕੇ ਵਿਚ 3 ਕਤਲ ਹੋਣ ਤੋਂ ਬਾਅਦ ਹੁਣ ਜਲੰਧਰ ਉੱਤਰੀ ਅਧੀਨ ਲਾਠੀਮਾਰ ਮੁਹੱਲੇ ਵਿਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਦੁੱਧ ਲੈਣ ਲਈ ਖੜ੍ਹੇ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਨੌਜਵਾਨ ਨੂੰ 2 ਗੋਲ਼ੀਆਂ ਲੱਗੀਆਂ ਹਨ। ਫਾਇਰ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ, ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਨੌਜਵਾਨ 2008 ਵਿਚ ਹੋਈ ਕੇ. ਐੱਮ. ਵੀ. ਕਾਲਜ ਦੀ ਪ੍ਰਿੰਸੀਪਲ ਰੀਟਾ ਬਾਵਾ ਦੇ ਕਤਲ ਦੌਰਾਨ ਰਹੇ ਸਕਿਓਰਿਟੀ ਗਾਰਡ ਤਰਸੇਮ ਲਾਲ ਦਾ ਬੇਟਾ ਹੈ, ਹਾਲਾਂਕਿ ਤਰਸੇਮ ਲਾਲ ਦਾ ਵੀ ਰੀਟਾ ਬਾਵਾ ਨਾਲ ਕਤਲ ਕਰ ਦਿੱਤਾ ਗਿਆ ਸੀ। ਜ਼ਖ਼ਮੀ ਨੌਜਵਾਨ ਦੀ ਪਛਾਣ ਰਾਹੁਲ ਪੁੱਤਰ ਤਰਸੇਮ ਲਾਲ ਉਰਫ਼ ਲਾਡਾ ਨਿਵਾਸੀ ਲਾਠੀਮਾਰ ਮੁਹੱਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਦਿਨ-ਦਿਹਾੜੇ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ ! ਨਸ਼ਾ ਛੁਡਾਊ ਕੇਂਦਰ ਨੇੜੇ ਨੌਜਵਾਨ ਦਾ ਕੀਤਾ ਕਤਲ
ਜਾਣਕਾਰੀ ਦਿੰਦੇ ਰਾਹੁਲ ਦੀ ਭੈਣ ਦੇਵਿਕਾ ਨੇ ਦੱਸਿਆ ਕਿ ਉਸ ਦਾ ਭਰਾ ਰਾਹੁਲ ਰਾਤੀਂ ਲਗਭਗ ਪੌਣੇ 8 ਵਜੇ ਘਰ ਤੋਂ ਕੁਝ ਦੂਰੀ ’ਤੇ ਗਲੀ ਦੇ ਬਾਹਰ ਦੁੱਧ ਲੈਣ ਲਈ ਗੱਡੀ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ 3 ਨੌਜਵਾਨ ਆਏ, ਜਿਨ੍ਹਾਂ ਨੇ ਰਾਹੁਲ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ 3 ਬਦਮਾਸ਼ਾਂ ਵਿਚੋਂ 2 ਨਸ਼ੇ ਵਿਚ ਸਨ। ਇਨ੍ਹਾਂ ਵਿਚੋਂ ਇਕ ਮੁਲਜ਼ਮ ਨੂੰ ਲੋਕਾਂ ਨੇ ਪਛਾਣ ਲਿਆ, ਜਿਸ ਦਾ ਨਾਂ ਅਮਨ ਪਾਸਵਾਨ ਨਿਵਾਸੀ ਰੇਰੂ ਪਿੰਡ ਹੈ। ਦੋਸ਼ ਹੈ ਕਿ ਅਮਨ ਨੇ ਹੀ ਰਾਹੁਲ ’ਤੇ ਫਾਇਰਿੰਗ ਕੀਤੀ। ਫਾਇਰਿੰਗ ਵਿਚ 2 ਗੋਲ਼ੀਆਂ ਰਾਹੁਲ ਨੂੰ ਲੱਗੀਆਂ, ਜਿਨ੍ਹਾਂ ਵਿਚੋਂ ਇਕ ਗੋਲੀ ਉਸ ਦੇ ਹੱਥ ਅਤੇ ਦੂਜੀ ਪੱਟ ਨੇੜੇ ਲੱਗੀ। ਗੋਲ਼ੀਆਂ ਚਲਾਉਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਜਿਉਂ ਹੀ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ: ਪੰਜਾਬ 'ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ ਖੋਲ੍ਹੇ 4 ਫਲੱਡ ਗੇਟ
ਲੋਕਾਂ ਨੇ ਰਾਹੁਲ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਗੋਲ਼ੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. ਆਕ੍ਰਸ਼ੀ ਜੈਨ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਸਮੇਤ ਹੋਰ ਅਧਿਕਾਰੀ ਹਸਪਤਾਲ ਪਹੁੰਚ ਗਏ। ਪੁਲਸ ਨੇ ਸਾਰੇ ਇਨਪੁੱਟ ਜੁਟਾਉਣ ਤੋਂ ਬਾਅਦ ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾਈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਕੈਮਰਿਆਂ ਵਿਚ ਤਿੰਨੋਂ ਮੁਲਜ਼ਮ ਕੈਦ ਹੋ ਗਏ। ਸੂਤਰਾਂ ਮੁਤਾਬਕ ਅਮਨ ਪਾਸਵਾਨ ਪੇਸ਼ੇਵਰ ਮੁਜਰਿਮ ਹੈ, ਜਿਸ ਖ਼ਿਲਾਫ਼ ਪਹਿਲਾਂ ਤੋਂ ਹੀ ਡਕੈਤੀ ਦਾ ਕੇਸ ਦਰਜ ਹੈ। ਪੁਲਸ ਨੂੰ ਮੌਕੇ ਤੋਂ ਗੋਲ਼ੀਆਂ ਦੇ ਖੋਲ ਵੀ ਮਿਲੇ ਹਨ। ਦੂਜੇ ਪਾਸੇ ਏ. ਡੀ. ਸੀ. ਪੀ. ਆਕ੍ਰਸ਼ੀ ਜੈਨ ਦਾ ਕਹਿਣਾ ਹੈ ਕਿ ਬਦਮਾਸ਼ਾਂ ਖ਼ਿਲਾਫ਼ ਥਾਣਾ ਨੰਬਰ 8 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨਾਲ ਹੋਈ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਵੱਡੀ ਅਪਡੇਟ, ਹਾਈਕੋਰਟ ਨੇ ਦਿੱਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e