ਸਹੂਲਤ ਜਾਂ ਮੌਤ ਨੂੰ ਸੱਦਾ?

Monday, Sep 04, 2017 - 08:09 AM (IST)

ਮੋਹਾਲੀ  (ਕੁਲਦੀਪ) - ਨਗਰ ਨਿਗਮ ਵਲੋਂ ਸ਼ਹਿਰ ਵਿਚ ਬੱਸਾਂ ਦਾ ਇੰਤਜ਼ਾਰ ਕਰਨ ਲਈ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਏ ਗਏ ਸਟੀਲ ਦੇ ਬੱਸ ਕਿਉੂ ਸ਼ੈਲਟਰ ਇਥੇ ਬੈਠ ਕੇ ਬੱਸ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਮੌਤ ਦਾ ਸਾਮਾਨ ਬਣੇ ਹੋਏ ਹਨ ਜੇਕਰ ਇਹ ਵੀ ਕਿਹਾ ਜਾਵੇ ਕਿ 'ਬੱਸ ਕਿਉੂ ਸ਼ੈਲਟਰ ਕਿ ਮੌਤ ਦਾ ਸਾਮਾਨ' ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ । ਸ਼ੈਲਟਰਾਂ ਵਿਚ ਇਸ਼ਤਿਹਾਰ ਵਾਲੇ ਪੈਨਲਾਂ ਨੂੰ ਚਮਕਾਉਣ ਲਈ ਬਿਜਲੀ ਦੇ ਕੀਤੇ ਗਏ ਘਟੀਆ ਪ੍ਰਬੰਧਾਂ ਕਾਰਨ ਕਿਸੇ ਵੀ ਸਮੇਂ ਕੋਈ ਘਟਨਾ ਵਾਪਰ ਸਕਦੀ ਹੈ ਪਰ ਨਗਰ ਨਿਗਮ ਇਸ ਗੱਲ ਤੋਂ ਬਿਲਕੁਲ ਬੇਖਬਰ ਹੈ ।
ਸਟੀਲ ਨਾਲ ਬਣੇ ਇਨ੍ਹਾਂ ਬੱਸ ਕਿਉੂ ਸ਼ੈਲਟਰਾਂ ਵਿਚ ਨਗਰ ਨਿਗਮ ਦੀ ਆਮਦਨ ਦਾ ਸਾਧਨ ਵੱਖ-ਵੱਖ ਕੰਪਨੀਆਂ ਦੇ ਇਸ਼ਤਿਹਾਰਾਂ ਨੂੰ ਰਾਤ ਸਮੇਂ ਚਮਕਾਉਣ ਲਈ ਬਿਜਲੀ ਦੀਆਂ ਟਿਊਬ ਲਾਈਟਾਂ ਲਾਈਆਂ ਗਈਆਂ ਹਨ । ਸ਼ਾਮ ਹੁੰਦਿਆਂ ਹੀ ਇਨ੍ਹਾਂ ਲਾਈਟਾਂ ਨੂੰ ਸ਼ੈਲਟਰਾਂ ਦੇ ਪਿਛਲੇ ਪਾਸੇ ਲਾਈ ਹੋਈ ਬਿਜਲੀ ਦੀ ਸਵਿੱਚ ਆਨ ਕਰਕੇ ਜਗਾ ਦਿੱਤਾ ਜਾਂਦਾ ਹੈ ਤੇ ਸਾਰੀ ਰਾਤ ਇਹ ਲਾਈਟਾਂ ਇਸ਼ਤਿਹਾਰਾਂ ਨੂੰ ਚਮਕਾਉਂਦੀਆਂ ਰਹਿੰਦੀਆਂ ਹਨ ਪਰ ਜੇਕਰ ਇਸ ਚਮਕ ਦੇ ਪਿੱਛੇ ਜਾ ਕੇ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਹ ਬੱਸ ਕਿਊੁ ਸ਼ੈਲਟਰ ਮੌਤ ਦਾ ਸਾਮਾਨ ਹਨ ।
ਲਾਈਟਾਂ ਨੂੰ ਜਗਾਉਣ ਲਈ ਪਿਛਲੇ ਪਾਸੇ ਲੋਹੇ ਦੇ ਬਕਸਿਆਂ ਵਿਚ ਜੋ ਬਿਜਲੀ ਦੇ ਪੈਨਲ ਲਾਏ ਗਏ ਹਨ, ਉਹ ਬਾਸੁਰੱਖਿਅਤ ਨਹੀਂ ਹਨ । ਇਨ੍ਹਾਂ ਲੋਹੇ ਦੇ ਪੈਨਲਾਂ 'ਤੇ ਮੀਂਹ ਦਾ ਪਾਣੀ ਪੈਂਦਾ ਰਹਿੰਦਾ ਹੈ ਤੇ ਪਾਣੀ ਬਕਸੇ ਦੇ ਅੰਦਰ ਜਾਂਦਾ ਰਹਿੰਦਾ ਹੈ । ਇਨ੍ਹਾਂ ਸ਼ੈਲਟਰਾਂ ਵਿਚ ਬੈਠ ਕੇ ਬੱਸ ਦਾ ਇੰਤਜ਼ਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਕਾਰਨ ਕਰੰਟ ਲਗ ਸਕਦਾ ਹੈ ।
ਖੰਭੇ ਤੋਂ ਸਿੱਧੀ ਬਿਜਲੀ ਦੀ ਤਾਰ, ਕੋਈ ਅਰਥਿੰਗ ਨਹੀਂ
ਇਨ੍ਹਾਂ ਸ਼ੈਲਟਰਾਂ ਨੂੰ ਬਿਜਲੀ ਦੀ ਸਪਲਾਈ ਦੇਣ ਲਈ ਖੰਭੇ ਤੋਂ ਬਿਜਲੀ ਦੀ ਸਿੱਧੀ ਸਪਲਾਈ ਦਿੱਤੀ ਗਈ ਹੈ । ਇਸ ਬਿਜਲੀ ਦੀ ਤਾਰ ਨਾਲ ਕੋਈ ਅਰਥਿੰਗ ਦਾ ਪ੍ਰਬੰਧ ਨਹੀਂ ਹੈ, ਜਿਸ ਨਾਲ ਕਰੰਟ ਆਉਣ ਦੀ ਹਾਲਤ ਵਿਚ ਕੋਈ ਬਚਾਅ ਹੋ ਸਕੇ ।  ਨਗਰ ਨਿਗਮ ਮੋਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਇਨ੍ਹਾਂ ਸ਼ੈਲਟਰਾਂ ਵਿਚ ਹਰ ਰੋਜ਼ ਆਪਣੇ ਕੰਮਕਾਜ ਲਈ ਜਾਣ ਵਾਲੇ ਵਿਅਕਤੀ ਬੈਠ ਕੇ ਬੱਸ ਦਾ ਇੰਤਜ਼ਾਰ ਕਰਦੇ ਹਨ ਜੇਕਰ ਕਿਤੇ ਅਜਿਹੇ ਬਿਜਲੀ ਦੇ ਨੰਗੇ ਪੈਨਲ ਲੱਗੇ ਹਨ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਤੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਹੈ । ਸ਼ੈਲਟਰਾਂ ਵਿਚ ਅਜਿਹੀ ਲਾਪ੍ਰਵਾਹੀ ਕਰਨ ਵਾਲੀ ਕੰਪਨੀ ਖਿਲਾਫ ਨਗਰ ਨਿਗਮ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।  ਸੰਪਰਕ ਕਰਨ 'ਤੇ ਐੱਸ. ਈ. ਨਗਰ ਨਿਗਮ ਮੋਹਾਲੀ ਬੀ. ਡੀ. ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਬੱਸ ਕਿਉੂ ਸ਼ੈਲਟਰਾਂ 'ਤੇ ਲੱਗੇ ਬਿਜਲੀ ਦੇ ਪੈਨਲਾਂ ਦਾ ਮਾਮਲਾ ਮੇਰੇ ਧਿਆਨ ਵਿਚ ਨਹੀਂ ਆਇਆ ਹੈ ਪਰ ਜੇਕਰ ਅਜਿਹਾ ਹੈ ਤਾਂ ਪਤਾ ਲਾਇਆ ਜਾਵੇਗਾ ਤੇ ਜੋ ਵੀ ਹੋਵੇਗਾ, ਬਣਦੀ ਕਾਰਵਾਈ ਕੀਤੀ ਜਾਵੇਗੀ ।


Related News