ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਪੂਰਨ ਬਿਆਨ ਤਾਲਿਬਾਨੀ ਸੋਚ ਦਾ ਪ੍ਰਤੀਕ : ਰਾਜਕੁਮਾਰ ਵੇਰਕਾ

Monday, Aug 23, 2021 - 06:58 PM (IST)

ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਪੂਰਨ ਬਿਆਨ ਤਾਲਿਬਾਨੀ ਸੋਚ ਦਾ ਪ੍ਰਤੀਕ : ਰਾਜਕੁਮਾਰ ਵੇਰਕਾ

ਜਲੰਧਰ (ਧਵਨ) : ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰਾਂ ਦੇ ਵਿਵਾਦਪੂਰਨ ਬਿਆਨਾਂ ਨੂੰ ਤਾਲਿਬਾਨੀ ਸੋਚ ਕਰਾਰ ਦਿੱਤਾ ਹੈ। ਵੇਰਕਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਇਸ ਤਰ੍ਹਾਂ ਦੀ ਵਿਚਾਰਧਾਰਾ ਕਾਂਗਰਸ ਦੀ ਨਹੀਂ ਕਿਉਂਕਿ ਕਾਂਗਰਸ ਦਾ ਜੰਮੂ-ਕਸ਼ਮੀਰ ਨੂੰ ਲੈ ਕੇ ਸਪੱਸ਼ਟ ਸਟੈਂਡ ਹੈ ਕਿ ਉਹ ਭਾਰਤ ਦਾ ਅਨਿੱਖੜਵਾਂ ਅੰਗ ਹੈ। ਡਾ. ਵੇਰਕਾ ਨੇ ਸਿੱਧੂ ਨੂੰ ਕਿਹਾ ਕਿ ਉਹ ਅਜਿਹੀ ਵਿਚਾਰਧਾਰਾ ਰੱਖਣ ਵਾਲੇ ਸਲਾਹਕਾਰਾਂ ਤੋਂ ਕਿਨਾਰਾ ਕਰ ਲੈਣ। ਡਾ. ਵੇਰਕਾ ਨੇ ਕਿਹਾ ਕਿ ਕਾਂਗਰਸ ਅਜਿਹੀ ਵਿਵਾਦਪੂਰਨ ਵਿਚਾਰਧਾਰਾ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ ਅਤੇ ਇਸ ਤਰ੍ਹਾਂ ਨਵਜੋਤ ਸਿੱਧੂ ਵੀ ਇਸ ਵਿਚਾਰਧਾਰਾ ਦੇ ਖ਼ਿਲਾਫ਼ ਹਨ। ਡਾ. ਵੇਰਕਾ ਨੇ ਕਿਹਾ ਕਿ ਅਫਗਾਨਿਸਤਾਨ ’ਚ ਗੁਰਦੁਆਰਿਆਂ ’ਤੇ ਤਾਲਿਬਾਨੀਆਂ ਨੇ ਕਬਜ਼ਾ ਕਰ ਲਿਆ ਹੈ। ਸਿੱਖ ਪਰਿਵਾਰਾਂ ਨੂੰ ਜ਼ਲੀਲ ਕਰ ਕੇ ਕੱਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਜ਼ਮੀਨ-ਜਾਇਦਾਦ ’ਤੇ ਕਬਜ਼ੇ ਕੀਤੇ ਜਾ ਰਹੇ ਹਨ ਜਦਕਿ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਅੱਤਵਾਦੀਆਂ ਅਤੇ ਨਕਸਲਵਾਦੀਆਂ ਦੀ ਤਾਰੀਫ ਕਰ ਰਹੇ ਹਨ, ਜੋ ਦੇਸ਼ ਹਿੱਤ ’ਚ ਨਹੀਂ ਹੈ।

ਇਹ ਵੀ ਪੜ੍ਹੋ : ਕਾਦੀਆਂ ਚ ਮੁਸਲਿਮ ਔਰਤਾਂ ਨੇ ਫ਼ਤਿਹਜੰਗ ਬਾਜਵਾ ਨੂੰ ਬੰਨ੍ਹੀ ਰੱਖੜੀ, ਭਾਈਚਾਰੇ ਦੀ ਮਿਸਾਲ ਕੀਤੀ ਕਾਇਮ

ਵੇਰਕਾ ਨੇ ਸਲਾਹਕਾਰਾਂ ਵਲੋਂ ਕਸ਼ਮੀਰ ਨੂੰ ਲੈ ਕੇ ਦਿੱਤੇ ਵਿਵਾਦਪੂਰਨ ਬਿਆਨ ’ਚ ਕਿਹਾ ਕਿ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ। ਇਸ ਦੀ ਰੱਖਿਆ ਲਈ ਸਾਡੇ ਫੌਜੀ ਲਗਾਤਾਰ ਕੁਰਬਾਨੀਆਂ ਦਿੰਦੇ ਆ ਰਹੇ ਹਨ ਅਤੇ ਅਸੀਂ ਇਸ ਨੂੰ ਆਜ਼ਾਦ ਕਰਨ ਵਰਗੇ ਘਟੀਆ ਬਿਆਨ ਦਿੰਦੇ ਹਾਂ, ਜੋ ਕਿ ਸ਼ਰਮਨਾਕ ਹੈ। ਵੇਰਕਾ ਨੇ ਕਿਹਾ ਕਿ ਨਵਜੋਤ ਸਿੱਧੂ ਦੇਸ਼ ਭਗਤ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਸ ਲਈ ਉਹ ਅਜਿਹੀ ਵਿਚਾਰਧਾਰਾ ਨਾਲ ਸਮਝੌਤਾ ਕਿਵੇਂ ਕਰ ਸਕਦੇ ਹਨ। ਡਾ. ਵੇਰਕਾ ਨੇ ਨਵਜੋਤ ਸਿੱਧੂ ਨੂੰ ਮੰਗ ਕੀਤੀ ਕਿ ਉਹ ਅਜਿਹੀ ਦੇਸ਼ਧ੍ਰੋਹੀ ਵਿਚਾਰਧਾਰਾ ਰੱਖਣ ਵਾਲੇ ਸਲਾਹਕਾਰਾਂ ਤੋਂ ਛੇਤੀ ਤੋਂ ਛੇਤੀ ਕਿਨਾਰਾ ਕਰਨ। ਇਹ ਪਾਰਟੀ ਦੇ ਹਿੱਤ ’ਚ ਹੋਵੇਗਾ।

ਇਹ ਵੀ ਪੜ੍ਹੋ : ਕਿਸਾਨਾਂ ਦੇ ਵਿਰੋਧ ਕਾਰਨ ਰਸਤੇ ’ਚੋਂ ਮੁੜੇ ਮੰਤਰੀ ਆਸ਼ੂ ਅਤੇ ਸੁੱਖ ਸਰਕਾਰੀਆ, ਵਿਧਾਇਕਾਂ ਨਾਲ ਕੀਤਾ ਪ੍ਰਾਜੈਕਟ ਦਾ ਉਦਘਾਟਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News