ਨਸ਼ੀਲੇ ਪਦਾਰਥਾਂ ਸਣੇ 6 ਕਾਬੂ
Monday, Dec 04, 2017 - 07:13 AM (IST)
ਫ਼ਿਰੋਜ਼ਪੁਰ, (ਕੁਮਾਰ, ਮਲਹੋਤਰਾ)— ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਗੁਰਚਰਨ ਸਿੰਘ ਦੀ ਅਗਵਾਈ ਹੇਠ 2 ਵਿਅਕਤੀਆਂ ਨੂੰ 115 ਪੇਟੀਆਂ ਸ਼ਰਾਬ (1260 ਬੋਤਲਾਂ) ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸੀ. ਆਈ. ਏ. ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਅਸ਼ੋਕ ਕੁਮਾਰ ਉਰਫ ਬੱਬਾ ਅਤੇ ਦਰਸ਼ਨ ਸਿੰਘ ਪੁੱਤਰ ਨਾਜਰ ਸਿੰਘ ਬਾਹਰੋਂ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਵੀ ਭਾਰੀ ਮਾਤਰਾ ਵਿਚ ਬਲੈਰੋ ਪਿਕ-ਅਪ ਗੱਡੀ ਵਿਚ ਠੇਕਾ ਸ਼ਰਾਬ ਲੈ ਕੇ ਆ ਰਹੇ ਹਨ।
ਸੀ. ਆਈ. ਏ. ਸਟਾਫ ਦੀ ਪੁਲਸ ਨੇ ਏ. ਐੱਸ. ਆਈ. ਗੁਰਚਰਨ ਸਿੰਘ ਦੀ ਅਗਵਾਈ ਹੇਠ ਐੱਸ. ਪੀ. ਅਜਮੇਰ ਸਿੰਘ ਬਾਠ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਪਾਰਟੀ ਨੂੰ ਨਾਲ ਲੈ ਕੇ ਨਾਕਾਬੰਦੀ ਕਰ ਦਿੱਤੀ। ਬੀਤੀ ਸ਼ਾਮ ਪੁਲਸ ਨੇ ਮੇਨ ਚੌਕ ਜ਼ੀਰਾ ਵਿਚ ਅਸ਼ੋਕ ਕੁਮਾਰ ਉਰਫ ਬੱਬਾ ਅਤੇ ਦਰਸ਼ਨ ਸਿੰਘ ਪੁੱਤਰ ਨਾਜਰ ਸਿੰਘ ਨੂੰ ਉਕਤ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਅਤੇ ਨਾਮਜ਼ਦ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਅਬੋਹਰ, (ਸੁਨੀਲ)—ਥਾਣਾ ਖੂਈਆਂ ਸਰਵਰ ਪੁਲਸ ਨੇ 2 ਵਿਅਕਤੀਆਂ ਨੂੰ ਅਫੀਮ ਅਤੇ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਖੂਈਆਂ ਸਰਵਰ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਮੁਖਤਿਆਰ ਸਿੰਘ ਨੇ ਬੀਤੀ ਸ਼ਾਮ ਗੁਮਜਾਲ ਨੇੜੇ ਨਾਕੇਬੰਦੀ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਵਿਅਕਤੀ ਦੀ ਪਛਾਣ ਸੀਤਾ ਰਾਮ ਪੁੱਤਰ ਗਨੇਸ਼ ਰਾਮ ਪਿੰਡ ਬਾਮਟਸਰ, ਜ਼ਿਲਾ ਬੀਕਾਨੇਰ ਦੇ ਰੂਪ ਵਿਚ ਹੋਈ ਹੈ।
ਇਸੇ ਤਰ੍ਹਾਂ ਸਹਾਇਕ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਬੀਤੀ ਸ਼ਾਮ ਪੰਜਾਬਾ ਮਾਡਲ ਦੇ ਨੇੜੇ ਨਾਕਾਬੰਦੀ ਦੌਰਾਨ ਸਾਹਮਣੇ ਤੋਂ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਕੋਲ ਮੌਜੂਦ ਗੱਟੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 10 ਕਿਲੋ ਚੂਰਾ-ਪੋਸਤ ਬਰਾਮਦ ਹੋਇਆ।
ਫੜੇ ਗਏ ਵਿਅਕਤੀ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਸ਼੍ਰੀਗੰਗਾਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਇਨ੍ਹਾਂ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਗੁਰੂਹਰਸਹਾਏ, (ਆਵਲਾ)—ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਬਸਤੀ ਡੇਰਿਆਂ ਵਾਲੀ ਵਿਚ 2 ਵਿਅਕਤੀਆਂ ਨੂੰ 160 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਜਦ ਰਮੇਸ਼ ਕੁਮਾਰ ਅਤੇ ਬਿੱਟੂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਉਕਤ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਪੁਲਸ ਨੇ ਫੜ੍ਹੇ ਗਏ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
