ਨਿਆਂਇਕ ਕੰਪਲੈਕਸ ਦੀ ਉਸਾਰੀ ਲਈ ਸਰਕਾਰੀ ਫੰਡਾਂ ’ਚ ਗਬਨ ਦੇ ਦੋਸ਼ ’ਚ ਠੇਕੇਦਾਰ ਗ੍ਰਿਫ਼ਤਾਰ
Tuesday, Nov 12, 2024 - 05:25 AM (IST)
ਚੰਡੀਗੜ੍ਹ (ਅੰਕੁਰ) : ਵਿਜੀਲੈਂਸ ਬਿਊਰੋ ਨੇ ਐੱਸ. ਬੀ. ਐੱਸ. ਨਗਰ ਵਿਖੇ ਜ਼ਿਲ੍ਹਾ ਨਿਆਂਇਕ ਕੰਪਲੈਕਸ ਦੀ ਉਸਾਰੀ ਲਈ ਅਲਾਟ ਕੀਤੇ ਗਏ ਸਰਕਾਰੀ ਫੰਡਾਂ ’ਚ ਗ਼ਬਨ ਦੇ ਦੋਸ਼ ਹੇਠ ਮੈਸਰਜ਼ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਮੁਲਜ਼ਮ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਫ਼ਰਾਰ ਸੀ।
ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਵੱਲੋਂ ਐੱਸ. ਬੀ. ਐੱਸ. ਨਗਰ ਵਿਖੇ ਨਿਆਂਇਕ ਅਦਾਲਤੀ ਕੰਪਲੈਕਸ ਦੀ ਉਸਾਰੀ ਲਈ 2017 ’ਚ ਟੈਂਡਰ ਜਾਰੀ ਕੀਤੇ ਗਏ ਸਨ ਅਤੇ ਇਹ ਟੈਂਡਰ 03.08.2017 ਨੂੰ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਗੁਰਦਾਸਪੁਰ ਨੂੰ ਅਲਾਟ ਕੀਤਾ ਗਿਆ ਸੀ।
ਇਹ ਪ੍ਰਾਜੈਕਟ 35,19,18,620 ਰੁਪਏ ਦੀ ਲਾਗਤ ਨਾਲ 18 ਮਹੀਨਿਆਂ ਅੰਦਰ ਪੂਰਾ ਕੀਤਾ ਜਾਣਾ ਸੀ। ਬਾਅਦ ’ਚ ਪੀ.ਡਬਲਿਊ.ਡੀ. ਨੇ ਕੰਪਲੈਕਸ ਅੰਦਰ ਜੱਜਾਂ ਲਈ ਪਾਰਕਿੰਗ ਤੇ ਰਿਹਾਇਸ਼ੀ ਕੁਆਰਟਰਾਂ ਦੀ ਉਸਾਰੀ ਨੂੰ ਸ਼ਾਮਲ ਕਰਦਿਆਂ ਇਸ ਪ੍ਰਾਜੈਕਟ ਦਾ ਦਾਇਰਾ ਵਧਾ ਦਿੱਤਾ, ਜਿਸ ਨਾਲ ਇਸ ਦੀ ਕੁੱਲ ਲਾਗਤ ਵਧ ਕੇ 65,91,47,000 ਰੁਪਏ ਹੋ ਗਈ। ਤੁੰਗ ਬਿਲਡਰਜ਼ ਦਾ ਠੇਕੇਦਾਰ ਮਿੱਥੇ ਸਮੇਂ ਅੰਦਰ ਕੰਮ ਪੂਰਾ ਨਹੀਂ ਕਰ ਸਕਿਆ। ਇਸ ਦੇ ਬਾਵਜੂਦ ਲੋਕ ਨਿਰਮਾਣ ਵਿਭਾਗ ਨਵਾਂਸ਼ਹਿਰ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਤੁੰਗ ਬਿਲਡਰਜ਼ ਦੇ ਐੱਮ. ਡੀ. ਲਖਵਿੰਦਰ ਸਿੰਘ ਨਾਲ ਮਿਲੀਭੁਗਤ ਕਰ ਕੇ ਮਾਰਚ 2023 ਤੱਕ ਲਗਭਗ 53,00,00,000 ਰੁਪਏ ਦੀ ਅਦਾਇਗੀ ਕਰ ਦਿੱਤੀ।
ਇਹ ਵੀ ਪੜ੍ਹੋ : CJI ਸੰਜੀਵ ਖੰਨਾ ਨੇ ਪਹਿਲੇ ਹੀ ਦਿਨ ਬਣਾਇਆ ਰਿਕਾਰਡ, ਇੰਨੇ ਕੇਸਾਂ ਦੀ ਕੀਤੀ ਸੁਣਵਾਈ
ਇਸ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਨਾ ਕਰਨ ਕਰ ਕੇ ਵਿਭਾਗ ਵੱਲੋਂ ਮਈ 2023 ’ਚ ਅਲਾਟਮੈਂਟ ਦਾ ਟੈਂਡਰ ਰੱਦ ਕਰ ਦਿੱਤਾ ਗਿਆ ਸੀ ਤੇ ਅਲਾਟ ਕੀਤੇ ਫੰਡਾਂ ’ਚ ਹੇਰਾਫੇਰੀ ਦੀ ਜਾਂਚ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੀ ਰਿਪੋਰਟ ’ਚ ਇਹ ਖ਼ੁਲਾਸਾ ਹੋਇਆ ਕਿ ਲੋਕ ਨਿਰਮਾਣ ਵਿਭਾਗ ਦੇ 8 ਅਧਿਕਾਰੀਆਂ/ਮੁਲਾਜ਼ਮਾਂ ਦੀ ਅਣਗਹਿਲੀ ਕਰ ਕੇ ਉਕਤ ਤੁੰਗ ਬਿਲਡਰਜ਼ ਨੂੰ 11,50,00,000 ਰੁਪਏ ਦੀ ਵਾਧੂ ਅਦਾਇਗੀ ਕੀਤੀ ਗਈ ਸੀ। ਇਸ ਰਿਪੋਰਟ ਦੇ ਆਧਾਰ ’ਤੇ ਤੁੰਗ ਬਿਲਡਰਜ਼ ਪ੍ਰਾਈਵੇਟ ਲਿਮਟਿਡ ਦੇ ਉਕਤ ਠੇਕੇਦਾਰ ਸਮੇਤ ਲੋਕ ਨਿਰਮਾਣ ਵਿਭਾਗ ਦੇ 8 ਅਧਿਕਾਰੀਆਂ/ਮੁਲਾਜ਼ਮਾਂ ਖ਼ਿਲਾਫ਼ ਥਾਣਾ ਸਦਰ, ਨਵਾਂਸ਼ਹਿਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8