ਕੈਨੇਡਾ ਜਾਣ ਲਈ ਵਿਆਹ ਦਾ ਸੌਦਾ, ਅਖੀਰ ''ਚ ਮੁੱਕਰੀ ਲਾੜੀ
Friday, Jul 26, 2019 - 08:57 AM (IST)

ਹੁਸ਼ਿਆਰਪੁਰ (ਅਮਰੀਕ) : ਵਿਆਹ ਹੁਣ 2 ਪਰਿਵਾਰਾਂ ਦਾ ਨਹੀਂ, ਸਗੋਂ ਵਿਦੇਸ਼ ਜਾਣ ਦਾ ਧੰਦਾ ਬਣ ਚੁੱਕਾ ਹੈ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਭਾਨੋਕੀ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ਮੰਗਣੀ ਬਾਇਬਲਪੁਰ ਪਿੰਡ ਦੀ ਨਵਜੋਤ ਕੌਰ ਨਾਲ 2017 'ਚ ਹੋਈ ਸੀ। ਫਿਰ ਆਈਲੈਟਸ ਕੀਤੀ ਨਵਜੋਤ ਕੌਰ ਵਿਦੇਸ਼ ਚਲੀ ਗਈ ਅਤੇ ਇਸ ਦਾ ਸਾਰਾ ਖਰਚਾ ਮੁੰਡੇ ਦੇ ਪਰਿਵਾਰ ਨੇ ਚੁੱਕਿਆ। ਨਵਜੋਤ ਦੇ ਵਾਪਸ ਆਉਣ 'ਤੇ ਦੋਹਾਂ ਦਾ ਵਿਆਹ ਹੋ ਗਿਆ ਅਤੇ ਉਹ ਫਿਰ ਕੈਨੇਡਾ ਚਲੀ ਗਈ।
ਹੁਣ ਲੜਕੇ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨੇ ਵਿਦੇਸ਼ ਪੁੱਜ ਕੇ ਉਨ੍ਹਾਂ ਨਾਲ ਸੰਪਰਕ ਖਤਮ ਕਰ ਦਿੱਤਾ ਹੈ ਅਤੇ ਲੜਕੇ ਨੂੰ ਵਿਦੇਸ਼ ਬੁਲਾਉਣ ਲਈ 7 ਲੱਖ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਨਵਜੋਤ ਕੌਰ ਉਨ੍ਹਾਂ ਤੋਂ 15 ਲੱਖ ਰੁਪਏ ਦੀ ਰਕਮ ਲੈ ਚੁੱਕੀ ਹੈ ਅਤੇ 5 ਲੱਖ ਹੋਰ ਮੰਗ ਰਹੀ ਹੈ। ਸਿਰਫ ਇੰਨਾ ਹੀ ਨਹੀਂ, ਅਸਲ ਵਿਆਹ ਨੂੰ ਐਗਰੀਮੈਂਟ ਦੱਸ ਰਹੀ ਹੈ। ਲੜਕੇ ਪਰਿਵਾਰ ਮੁਤਾਬਕ ਉਨ੍ਹਾਂ ਨਾਲ ਧੋਖਾ ਹੋਇਆ ਹੈ, ਜਿਸ ਲਈ ਉਨ੍ਹਾਂ ਦੀ ਰਾਸ਼ੀ ਵਾਪਸ ਕੀਤੀ ਜਾਵੇ ਜਾਂ ਪਤਨੀ ਬਣ ਕੇ ਨਵਜੋਤ ਕੌਰ ਸਹੁਰੇ ਘਰ ਆ ਜਾਵੇ।
ਦੂਜੇ ਪਾਸੇ ਜਦੋਂ ਨਵਜੋਤ ਕੌਰ ਦੀ ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦੀ ਕਾਂਟਰੈਕਟ ਮੈਰਿਜ ਹੋਈ ਹੈ, ਜਿਸ 'ਤੇ ਉਹ ਅੱਜ ਵੀ ਕਾਇਮ ਹਨ। ਇਸ ਨਾਲ ਇਹ ਮਾਮਲਾ ਗੁੰਝਲਦਾਰ ਬਣ ਗਿਆ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਗੁਰਪ੍ਰੀਤ ਨੂੰ ਵਿਦੇਸ਼ ਲਿਜਾਣ ਲਈ ਕਾਂਟਰੈਕਟ 'ਤੇ ਇਹ ਵਿਆਹ ਹੋਇਆ ਸੀ ਤਾਂ ਇਹ ਵੀ ਕਾਨੂੰਨ ਮੁਤਾਬਕ ਆਪਣੇ ਆਪ 'ਚ ਜ਼ੁਰਮ ਹੈ।