ਕੋਰੋਨਾ ਵਾਇਰਸ ਸਬੰਧਤ ਕਿਸੇ ਵੀ ਸਹਾਇਤਾ ਲਈ ਇਸ ਨੰਬਰ 'ਤੇ ਕਰੋ ਸੰਪਰਕ

03/03/2020 9:48:06 PM

ਜਲੰਧਰ (ਵੈੱਬ ਡੈਸਕ)- ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਜਾ ਕੇ ਕੋਈ ਵੀ ਪੀੜਤ ਵਿਅਕਤੀ ਸਹਾਇਤਾ ਲਈ ਮੰਗ ਕਰ ਸਕਦਾ ਹੈ। ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ 70 ਤੋਂ ਵਧੇਰੇ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਹੁਣ ਇਹ ਵਾਇਰਸ ਭਾਰਤ ਵਿਚ ਵੀ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 104 ਜਾਰੀ ਕੀਤਾ ਹੈ।

ਜਗ ਬਾਣੀ ਵਲੋਂ ਜਦੋਂ 104 ਨੰਬਰ 'ਤੇ ਕਾਲ ਕੀਤੀ ਤਾਂ ਪੈਰਾਮੈਡੀਕਲ ਕੌਂਸਲਰ ਰਾਹੁਲ ਨਾਲ ਗੱਲਬਾਤ ਹੋਈ। ਜਿਨ੍ਹਾਂ ਨੇ ਦੱਸਿਆ ਕਿ ਇਹ ਇਕ ਟੋਲ ਫ੍ਰੀ ਨੰਬਰ ਹੈ ਅਤੇ ਇਹ ਸਿਹਤ ਵਿਭਾਗ ਦੀ ਮੈਡੀਕਲ ਹੈਲਪਲਾਈਨ ਹੈ, ਜਿਸ 'ਤੇ ਕੋਈ ਵੀ ਕਿਸੇ ਸਮੇਂ ਵੀ ਸੰਪਰਕ ਕਰ ਸਕਦਾ ਹੈ ਅਤੇ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਜ਼ਿਲੇ ਵਿਚ ਨੋਡਲ ਅਫਸਰ ਤਾਇਨਾਤ ਕੀਤੇ ਗਏ ਹਨ, ਜੋ ਇਸ ਵਾਇਰਸ ਦੀ ਲਪੇਟ ਵਿਚ ਆਉਣ ਵਾਲਿਆਂ ਨੂੰ ਟ੍ਰੇਸ ਕਰਨਗੇ ਅਤੇ ਖੁਦ ਮਰੀਜ਼ ਤੱਕ ਮਦਦ ਮੁਹੱਈਆ ਕਰਵਾਉਣਗੇ।

PunjabKesari

ਜੇ ਨਜ਼ਰ ਆਉਣ ਇਹ ਲੱਛਣ
ਪੈਰਾਮੈਡੀਕਲ ਕੌਂਸਲ ਰਾਹੁਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਵਿਚ ਜੇ ਕੋਈ ਲੱਛਣ ਨਜ਼ਰ ਆਉਂਦੇ ਹਨ ਜਿਵੇਂ ਜ਼ੁਕਾਮ, ਖਾਂਸੀ, ਸਿਰਦਰਦ ਆਦਿ ਤਾਂ ਉਹ ਟੋਲ ਫ੍ਰੀ ਨੰਬਰ 104 'ਤੇ ਸੰਪਰਕ ਕਰਕੇ ਸਹਾਇਤਾ ਦੀ ਮੰਗ ਕਰ ਸਕਦਾ ਹੈ, ਜਿਸ ਨੂੰ ਨੋਡਲ ਅਫਸਰ ਅਤੇ ਜਾਂਚ ਟੀਮ ਵਲੋਂ ਮਦਦ ਮੁਹੱਈਆ ਕਰਵਾਈ ਜਾਵੇਗੀ। ਰਾਹੁਲ ਨੇ ਦੱਸਿਆ ਕਿ ਪੰਜਾਬ ਦੇ ਹਰ ਏਅਰਪੋਰਟ 'ਤੇ ਥਰਮਲ ਸਕੈਨਰ ਲੱਗੇ ਹੋਏ ਹਨ ਜਿਸ ਦੀ ਪ੍ਰਕਿਰਿਆ ਵਿਚੋਂ ਹਰ ਯਾਤਰੀ ਨੂੰ ਲੰਘਣਾ ਪੈਂਦਾ ਹੈ ਤਾਂ ਜੋ ਉਨ੍ਹਾਂ ਵਿਚ ਵਾਇਰਸ ਦੀ ਜਾਂਚ ਕੀਤੀ ਜਾ ਸਕੇ। ਜੇਕਰ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਜਾਂਚ ਟੀਮ ਵਲੋਂ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ।

ਇਸ ਪ੍ਰੋਸੈਸ 'ਚੋਂ ਲੰਘਣਾ ਪਵੇਗਾ ਮਰੀਜ਼ ਨੂੰ
ਪੈਰਾਮੈਡੀਕਲ ਕੌਂਸਲਰ ਰਾਹੁਲ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਇਸ ਵਾਇਰਸ ਨਾਲ ਪੀੜਤ ਹੈ ਤਾਂ ਉਸ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਉਸ ਨੂੰ ਨੋਡਲ ਅਫਸਰ ਖੁਦ ਟਰੇਸ ਕਰਨਗੇ ਅਤੇ ਮਰੀਜ਼ ਨੂੰ ਪਰਿਵਾਰ ਤੋਂ ਅਲੱਗ ਕਮਰੇ ਵਿਚ ਰੱਖਿਆ ਜਾਵੇਗਾ ਤੇ ਉਸ ਨੂੰ ਉਥੇ ਹੀ ਟ੍ਰੀਟਮੈਂਟ ਦਿੱਤਾ ਜਾਵੇਗਾ। ਮਰੀਜ਼ ਨੂੰ ਇਸ ਤਰ੍ਹਾਂ ਤਕਰੀਬਨ 28 ਦਿਨ ਤੱਕ ਰਹਿਣਾ ਪਵੇਗਾ।

ਹੱਥ ਮਿਲਾਉਣ ਤੋਂ ਕਰੇ ਪਰਹੇਜ਼
ਕੌਂਸਲਰ ਰਾਹੁਲ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਲੋੜ ਹੈ, ਜੇ ਤੁਸੀਂ ਬਾਹਰ ਕਿਤੇ ਵੀ ਜਾਂਦੇ ਹੋ ਤਾਂ ਹੱਥ ਮਿਲਾਉਣ ਤੋਂ ਪਰਹੇਜ਼ ਕਰੋ, ਮਾਸਕ ਪਹਿਨ ਕੇ ਬਾਹਰ ਨਿਕਲੋ। ਮੀਟ ਖਾਣ ਤੋਂ ਪਰਹੇਜ਼ ਕਰੋ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ 3115 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 90000 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਵੱਖ-ਵੱਖ ਦੇਸ਼ਾਂ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਿਆਰੀਆਂ ਵਿੱਢੀਆਂ ਗਈਆਂ ਹਨ। ਚੀਨ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਕਿਤੇ ਵੱਡੇ ਇਕੱਠ ਦੇ ਜਮ੍ਹਾ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਚੀਨ 'ਚ 'ਹੈਲੋ' ਬੁਲਾ ਕੇ ਹੱਥ ਮਿਲਾਉਣ ਦੀ ਥਾਂ 'ਵੁਹਾਨ ਸ਼ੇਕ' ਹੋਇਆ ਵਾਇਰਲ, ਦੇਖੋ ਤਸਵੀਰਾਂ ਤੇ ਵੀਡੀਓ


Sunny Mehra

Content Editor

Related News