ਖਪਤਕਾਰਾਂ ਤੋਂ 3.14 ਰੁਪਏ ਜ਼ਿਆਦਾ ਵਸੂਲਣ ''ਤੇ ਕੰਪਨੀ ਨੂੰ 28,000 ਰੁਪਏ ਲੱਗਿਆ ਹਰਜਾਨਾ

Thursday, Mar 21, 2019 - 03:47 PM (IST)

ਖਪਤਕਾਰਾਂ ਤੋਂ 3.14 ਰੁਪਏ ਜ਼ਿਆਦਾ ਵਸੂਲਣ ''ਤੇ ਕੰਪਨੀ ਨੂੰ 28,000 ਰੁਪਏ ਲੱਗਿਆ ਹਰਜਾਨਾ

ਲੁਧਿਆਣਾ (ਮਹਿਰਾ) : ਲੁਧਿਆਣਾ ਦੇ ਬਹੁ-ਪ੍ਰਸਿੱਧ ਐੱਮ. ਬੀ. ਡੀ. ਮਾਲ, ਫਿਰੋਜ਼ਪੁਰ ਰੋਡ, ਲੁਧਿਆਣਾ 'ਚ ਸਥਿਤ ਲਾਈਫ ਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮ. ਵਲੋਂ ਆਪਣੇ ਦੋ ਖਪਤਕਾਰਾਂ ਤੋਂ ਸਿਰਫ 3.14 ਰੁਪਏ ਜ਼ਿਆਦਾ ਵਸੂਲੇ ਜਾਣ ਦਾ ਸਖਤ ਨੋਟਿਸ ਲੈਂਦੇ ਹੋਏ ਜ਼ਿਲਾ ਖਪਤਕਾਰ ਫੋਰਮ ਨੇ ਉਨ੍ਹਾਂ ਨੂੰ ਕਰੀਬ 7 ਸ਼ਿਕਾਇਤਾਂ 'ਤੇ 28,000 ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ।

ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਜੀ. ਕੇ. ਧੀਰ ਤੇ ਮੈਂਬਰ ਜੋਤਸਨਾ ਥਾਥਾਈ ਨੇ ਠਹਿਰਾਇਆ ਕਿ ਉਪਰੋਕਤ ਲਾਈਫ ਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮ. ਵਲੋਂ ਆਪਣੇ ਖਪਤਕਾਰਾਂ ਤੋਂ 3.14 ਰੁਪਏ ਜ਼ਿਆਦਾ ਵਸੂਲੇ ਗਏ ਸਨ, ਜੋ ਕਿ ਗਲਤ ਹੈ। ਖਪਤਕਾਰ ਫੋਰਮ 'ਚ ਪਠਾਨਕੋਟ ਦੇ ਨਿਵਾਸੀ ਰੋਹਿਤ ਸ਼ਰਮਾ ਵਲੋਂ ਦੋ ਸ਼ਿਕਾਇਤਾਂ ਦਾਖਲ ਕੀਤੀਆਂ ਗਈਆਂ ਸਨ, ਜਦੋਂ ਕਿ ਪੰਚਕੂਲਾ ਨਿਵਾਸੀ ਸਾਹਿਲ ਸ਼ਰਮਾ ਵਲੋਂ ਆਪਣੀਆਂ 5 ਸ਼ਿਕਾਇਤਾਂ ਦਾਖਲ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚ ਦੋਸ਼ ਲਾਇਆ ਸੀ ਕਿ ਉਨ੍ਹ੍ਹਾਂ ਨੇ 22 ਜੁਲਾਈ 2017 ਨੂੰ ਉਪਰੋਕਤ ਲਾਈਫ ਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮ. ਤੋਂ ਇਕ ਪ੍ਰੋਡਕਟ ਖਰੀਦਿਆ ਸੀ, ਜਿਸ 'ਚ ਉਨ੍ਹਾਂ ਤੋਂ ਉਕਤ ਫਰਮ ਵਲੋਂ 3.14 ਰੁਪਏ ਜ਼ਿਆਦਾ ਵਸੂਲੇ ਗਏ। ਫੋਰਮ ਨੇ ਇਸ ਦਾ ਸਖਤ ਨੋਟਿਸ ਲੈਂਦੇ ਹੋਏ ਲਾਈਫ ਸਟਾਈਲ ਫਰਮ ਨੂੰ ਜਿੱਥੇ 3.14 ਰੁਪਏ ਵਿਆਜ ਸਮੇਤ ਮੋੜਨ ਦਾ ਹੁਕਮ ਦਿੱਤਾ, ਉੱਥੇ ਹਰ ਸ਼ਿਕਾਇਤ ਪ੍ਰਤੀ 4000 ਰੁਪਏ ਹਰਜਾਨਾ ਵੀ ਵੱਖ ਤੋਂ ਅਦਾ ਕਰਨ ਦਾ ਹੁਕਮ ਦਿੱਤਾ। ਇਸ ਤਰ੍ਹਾਂ ਖਪਤਕਾਰਾਂ ਤੋਂ ਦੁਕਾਨਦਾਰ ਵਲੋਂ ਸਿਰਫ 3.14 ਰੁਪਏ ਜ਼ਿਆਦਾ ਵਸੂਲਣ ਦਾ ਖਮਿਆਜ਼ਾ 28,000 ਰੁਪਏ ਹਰਜਾਨਾ ਦੇ ਕੇ ਭੁਗਤਣਾ ਪੈ ਸਕਦਾ ਹੈ।


author

Anuradha

Content Editor

Related News