ਡਿਊਟੀ ''ਤੇ ਜਾ ਰਹੇ ਕਮਾਂਡੋ ਫੋਰਸ ਦੇ ਸਿਪਾਹੀ ਦੀ ਅਸਾਲਟ-47 ਚੋਰੀ
Monday, Nov 18, 2019 - 01:26 PM (IST)
ਖੰਨਾ : ਡਿਊਟੀ 'ਤੇ ਜਾ ਰਹੇ ਕਮਾਂਡੋ ਫੋਰਸ 4 ਦੇ ਇਕ ਸਿਪਾਹੀ ਦੀ ਬੱਸ ਯਾਤਰਾ ਦੌਰਾਨ ਕਿਸੇ ਨੇ ਅਸਾਲਟ-47 ਦੇ ਨਾਲ-ਨਾਲ 100 ਜ਼ਿੰਦਾ ਕਾਰਤੂਸ, ਪੁਲਸ ਵਰਦੀ ਅਤੇ ਚਾਰ ਮੈਗਜ਼ੀਨ ਚੋਰੀ ਕਰ ਲਏ। ਪੁਲਸ ਨੇ ਲਾਪਰਵਾਹੀ ਵਰਤਣ ਦੇ ਦੋਸ਼ 'ਚ ਕਾਂਸਟੇਬਲ ਤਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਨਾਲ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ 'ਤੇ ਪੂਰੇ ਸੂਬੇ ਦੇ ਸਿਟੀ ਥਾਣਿਆਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੁਲਸ ਮੁਲਾਜ਼ਮਾਂ ਦੀਆਂ ਸੁਲਤਾਨਪੁਰ ਲੋਧੀ 'ਚ ਡਿਊਟੀਆਂ ਲਾਈਆਂ ਗਈਆਂ ਸਨ, ਜਿਸ ਕਾਰਨ ਉਪਰੋਕਤ ਮੁਲਾਜ਼ਮ ਨੂੰ ਵੀ ਡਿਊਟੀ 'ਤੇ ਭੇਜਿਆ ਗਿਆ ਸੀ।
ਜਿੱਥੇ ਇਕ ਤਰਫ ਉਸ ਦੇ ਸਾਰੇ ਸਾਥੀਆਂ ਨੇ ਡਿਊਟੀ ਖਤਮ ਕਰਨ ਉਪਰੰਤ ਆਪੋ-ਆਪਣੇ ਹੈੱਡ ਕੁਆਰਟਰ 'ਚ ਆਪਣੀ ਹਾਜ਼ਰੀ ਨੂੰ ਯਕੀਨੀ ਬਣਾ ਲਿਆ ਸੀ, ਉੱਥੇ ਹੀ ਦੂਜੇ ਪਾਸੇ ਫਰਲੋ ਮਾਰਨ ਦੇ ਮਕਸਦ ਨਾਲ ਤਸਵੀਰ ਸਿੰਘ ਹਥਿਆਰ ਨਾਲ ਲੈ ਕੇ ਜ਼ਿਲਾ ਬਟਾਲਾ 'ਚ ਆਪਣੇ ਘਰ ਚਲਾ ਗਿਆ ਸੀ। ਇਸ ਦੌਰਾਨ ਸਬੰਧਿਤ ਅਧਿਕਾਰੀਆਂ ਨੇ ਡਿਊਟੀ 'ਤੇ ਨਾ ਪਰਤਣ ਦੇ ਉਦੇਸ਼ ਨਾਲ ਜਦੋਂ ਉਸ ਦੇ ਮੋਬਾਇਲ 'ਤੇ ਕਾਲ ਕੀਤੀ ਤਾਂ ਉਸ ਦੀ ਮੋਬਾਇਲ ਸਵਿੱਚ ਆਫ ਮਿਲਿਆ।
ਇਸ ਦੌਰਾਨ ਉਹ ਬਟਾਲਾ ਤੋਂ ਜਲੰਧਰ-ਲੁਧਿਆਣਾ ਹੁੰਦਾ ਹੋਇਆ ਵਾਪਸ ਪਟਿਆਲਾ ਜਾ ਰਿਹਾ ਸੀ ਤਾਂ ਖੰਨਾ ਪੁੱਜਣ 'ਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦਾ ਬੈਗ ਜਿਸ 'ਚ ਉਪਰੋਕਤ ਹਥਿਆਰ ਤੇ ਹੋਰ ਸਮਾਨ ਸੀ, ਗਾਇਬ ਹੈ। ਬੇਚੈਨੀ ਦੀ ਹਾਲਤ 'ਚ ਖੰਨਾ ਉਤਰਨ ਤੋਂ ਉਪਰੰਤ ਬੈਗ ਲੱਭਣ ਲਈ ਇਧਰ-ਉਧਰ ਭਟਕਣ ਲੱਗਾ, ਜਦੋਂ ਉਸ ਦੇ ਹੱਥ ਨਿਰਾਸ਼ਾ ਲੱਗੀ ਤਾਂ ਘਟਨਾ ਦੀ ਸੂਚਨਾ ਆਪਣੇ ਹੈੱਡ-ਕੁਆਰਟਰ ਦੇ ਨਾਲ ਸਿਟੀ ਪੁਲਸ ਨੂੰ ਵੀ ਦਿੱਤੀ। ਪੁਲਸ ਨੇ ਆਪਣੇ ਪੱਧਰ 'ਤੇ ਵੀ ਕਾਫੀ ਖੋਜ ਕੀਤੀ। ਬੈਗ ਨਾ ਮਿਲਣ ਦੀ ਸੂਰਤ 'ਚ ਇਹ ਮਾਮਲ ਐੱਸ. ਐੱਸ. ਪੀ. ਦੇ ਨਾਲ-ਨਾਲ ਹੋਰ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਗਿਆ, ਜਿਨ੍ਹਾਂ ਦੇ ਨਿਰਦੇਸ਼ਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਤਸਵੀਰ ਨੇ ਪੁਲਸ ਨੂੰ ਦੱਸਿਆ ਕਿ ਲੁਧਿਆਣਾ ਤੋਂ ਬਾਅਦ ਬੱਸ ਕਾਫੀ ਖਾਲੀ ਹੋ ਗਈ ਸੀ। ਉਸ ਦੇ ਨਾਲ ਇਕ ਔਰਤ ਬੈਠੀ ਸੀ। ਉਸ ਨੂੰ ਪੂਰਾ ਸ਼ੱਕ ਹੈ ਕਿ ਉਸ ਔਰਤ ਨੇ ਹੀ ਬੈਗ ਚੋਰੀ ਕੀਤਾ ਹੈ। ਔਰਤ ਇਸ ਗੱਲ ਤੋਂ ਜਾਣੂੰ ਨਹੀਂ ਸੀ ਕਿ ਬੈਗ 'ਚ ਅਸਲੇ ਦੇ ਨਾਲ-ਨਾਲ ਪੁਲਸ ਵਰਦੀ ਵੀ ਸੀ। ਹੋ ਸਕਦਾ ਹੈ ਕਿ ਉਸ ਨੇ ਨਕਦੀ ਹੋਣ ਦੇ ਸ਼ੱਕ ਨਾਲ ਬੈਗ ਨੂੰ ਚੋਰੀ ਕਰ ਲਿਆ। ਇਸ ਸਬੰਧੀ ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।