ਪੰਜਾਬ ''ਚ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਵਿਰੋਧ ਦੇ ਪਿੱਛੇ ਸਾਜ਼ਿਸ਼? ਦਿੱਤੀ ਗਈ ਵੱਡੀ ਚਿਤਾਵਨੀ
Tuesday, Sep 16, 2025 - 03:20 PM (IST)

ਬਠਿੰਡਾ (ਵਿਜੇ ਵਰਮਾ) : ਪੰਜਾਬ 'ਚ ਪਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਲੈ ਕੇ ਪੈਦਾ ਹੋ ਰਿਹਾ ਵਿਰੋਧ ਹੁਣ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਪੰਜਾਬ ਭਾਜਪਾ ਦੇ ਸਕੱਤਰ ਅਤੇ ਸਾਬਕਾ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਸੁਖਪਾਲ ਸਿੰਘ ਸਰਾਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਸਾਰੀ ਕਵਾਇਦ ਦੇ ਪਿੱਛੇ ਵੱਡੀ ਸਾਜ਼ਿਸ਼ ਅਤੇ ਫਿਰਕਾਪ੍ਰਸਤੀ ਲੁਕੀ ਹੋਈ ਹੈ, ਜਿਸਦਾ ਮਕਸਦ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਖ਼ਰਾਬ ਕਰਨਾ ਅਤੇ ਸੂਬੇ ਨੂੰ ਹਿੰਦੂ ਰਹਿਤ ਬਣਾਉਣ ਦੀ ਕੋਸ਼ਿਸ਼ ਕਰਨਾ ਹੈ। ਸਰਾਂ ਨੇ ਦਾਅਵਾ ਕੀਤਾ ਕਿ ਕੁੱਝ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ, ਸਰਕਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਇਸ ਮਾਹੌਲ ਨੂੰ ਭੜਕਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਵੀ ਅੱਤਵਾਦ ਦੇ ਦੌਰ 'ਚ ਡਿਸਟਰਬ ਰਹਿ ਚੁੱਕਾ ਹੈ ਪਰ ਬੇਸ਼ੁਮਾਰ ਬਲੀਦਾਨਾਂ ਤੋਂ ਬਾਅਦ ਸੂਬੇ ਨੂੰ ਸ਼ਾਂਤੀ ਦੇ ਰਾਹ 'ਤੇ ਲਿਆਂਦਾ ਗਿਆ ਸੀ। ਹੁਣ ਇੱਕ ਵਾਰ ਫਿਰ ਉਹੀ ਮਾਹੌਲ ਖ਼ਰਾਬ ਕਰਨ ਲਈ ਵੱਡੇ ਪੱਧਰ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਨਿਹੰਗ ਰੂਪ 'ਤੇ ਸ਼ੱਕ
ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਨਿਹੰਗਾਂ ਦੇ ਰੂਪ 'ਚ ਕੁੱਝ ਅਜਿਹੇ ਆਗੂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਸੂਖਮ ਜਾਂਚ ਹੋਣੀ ਚਾਹੀਦੀ ਹੈ। ਕਿਤੇ ਉਹ ਭੇਸ਼ੀਏ ਸਿੱਖ ਤਾਂ ਨਹੀਂ, ਜੋ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆ ਕੇ ਪੰਜਾਬ 'ਚ ਘੁਸਪੈਠ ਕਰ ਰਹੇ ਹਨ ਅਤੇ ਨਿਹੰਗਾਂ ਦੇ ਭੇਸ 'ਚ ਹਿੰਦੂਆਂ ਖ਼ਿਲਾਫ਼ ਵਿਵਾਦਿਤ ਕਾਰਵਾਈਆਂ ਕਰ ਰਹੇ ਹਨ।
ਬੰਗਲਾਦੇਸ਼ੀਆਂ ਦੀ ਮੌਜੂਦਗੀ
ਸਰਾਂ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਿਰਫ ਪੰਜਾਬ 'ਚ ਹੀ 25 ਤੋਂ 30 ਲੱਖ ਬੰਗਲਾਦੇਸ਼ੀ ਰਹਿ ਰਹੇ ਹਨ, ਜਦੋਂ ਕਿ ਸਾਰੇ ਭਾਰਤ ਵਿੱਚ ਉਨ੍ਹਾਂ ਦੀ ਗਿਣਤੀ 6 ਕਰੋੜ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪਛਾਣ ਕਰਕੇ ਤੁਰੰਤ ਪੰਜਾਬ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਲੋਕ ਸਮਾਜਿਕ ਮਾਹੌਲ ਨੂੰ ਖ਼ਰਾਬ ਕਰਨ ਅਤੇ ਸੂਬੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇੰਡਸਟਰੀ ਅਤੇ ਅਰਥ ਵਿਵਸਥਾ 'ਤੇ ਖ਼ਤਰਾ
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਰਵਾਸੀ ਮਜ਼ਦੂਰਾਂ ਨੂੰ ਜ਼ਬਰਦਸਤੀ ਪੰਜਾਬ ਤੋਂ ਕੱਢਿਆ ਗਿਆ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਉਦਯੋਗ, ਨਿਰਮਾਣ ਕਾਰੋਬਾਰ ਅਤੇ ਖੇਤੀਬਾੜੀ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਤੋਂ ਬਿਨਾਂ ਪੰਜਾਬ ਦੀ ਇੰਡਸਟਰੀ ਠੱਪ ਹੋ ਜਾਵੇਗੀ। ਫੈਕਟਰੀਆਂ ਬੰਦ ਹੋਣਗੀਆਂ, ਮਜ਼ਦੂਰੀ ਦਾ ਸੰਕਟ ਪੈਦਾ ਹੋ ਜਾਵੇਗਾ ਅਤੇ ਕਾਰੋਬਾਰ ਪੂਰੀ ਤਰ੍ਹਾਂ ਰੁਕ ਸਕਦਾ ਹੈ।
ਵਿਦੇਸ਼ਾਂ ਵਿੱਚ ਸਿੱਖਾਂ 'ਤੇ ਅਸਰ
ਸਰਾਂ ਨੇ ਇਸ ਗੱਲ 'ਤੇ ਵੀ ਚਿੰਤਾ ਜਤਾਈ ਕਿ ਜੇਕਰ ਪੰਜਾਬ 'ਚ ਪਰਵਾਸੀਆਂ ਦੇ ਨਾਲ ਭੇਦਭਾਵ ਜਾਂ ਵਿਰੋਧ ਵੱਧਦਾ ਹੈ ਤਾਂ ਇਸ ਦਾ ਉਲਟਾ ਅਸਰ ਵਿਦੇਸ਼ਾਂ 'ਚ ਵਸੇ ਸਿੱਖ ਭਾਈਚਾਰੇ 'ਤੇ ਵੀ ਪੈ ਸਕਦਾ ਹੈ। ਜਿਵੇਂ ਪੰਜਾਬੀ ਸਾਰੀ ਦੁਨੀਆਂ 'ਚ ਫੈਲੇ ਹੋਏ ਹਨ, ਉਹ ਵੀ ਉੱਥੇ ਇਸੇ ਕਿਸਮ ਦੀ ਨਫ਼ਰਤ ਅਤੇ ਵਿਰੋਧ ਦਾ ਸ਼ਿਕਾਰ ਹੋ ਸਕਦੇ ਹਨ।
ਸਰਕਾਰ ਅਤੇ ਏਜੰਸੀਆਂ ਨੂੰ ਅਪੀਲ
ਅਖ਼ੀਰ 'ਚ ਸੁਖਪਾਲ ਸਿੰਘ ਸਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਵੀ ਤੱਤ ਸੂਬੇ ਦੀ ਸ਼ਾਂਤੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ।