ਮੋਦੀ ਭਜਾਉਣ ਲਈ ਪੰਜਾਬ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਗਾਏਗੀ ਕਾਂਗਰਸ : ਜਾਖੜ (ਵੀਡੀਓ)

Sunday, Jun 10, 2018 - 08:52 AM (IST)

ਪਟਿਆਲਾ/ਰਾਜਪੁਰਾ/ਬਨੂੜ (ਰਾਜੇਸ਼, ਜੋਸਨ, ਇਕਬਾਲ, ਹਰਵਿੰਦਰ, ਹਰਪਾਲ, ਚਾਵਲਾ)  - ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐੱਮ. ਪੀ. ਸੁਨੀਲ ਜਾਖੜ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਅਤੇ  ਕਿਸਾਨਾਂ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਚਲਦਾ ਕੀਤਾ ਜਾਵੇ ਅਤੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ। ਜਾਖੜ ਅੱਜ ਇਥੇ ਪੰਜਾਬ ਯੂਥ ਕਾਂਗਰਸ ਵੱਲੋਂ ਕੁਲ ਹਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ 'ਭਾਰਤ ਬਚਾਓ ਜਨ ਅੰਦੋਲਨ' ਤਹਿਤ ਕੱਢੇ ਗਏ ਇਕ ਵਿਸ਼ਾਲ 'ਟਰੈਕਟਰ ਮਾਰਚ' ਨੂੰ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਰਾਜਪੁਰਾ ਦੇ ਗਗਨ ਚੌਕ ਵਿਖੇ ਕੀਤੀ ਗਈ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਸੁਨੀਲ ਜਾਖੜ ਨੇ ਖ਼ੁਦ ਟਰੈਕਟਰ ਚਲਾ ਕੇ ਕਰੀਬ 20 ਕਿਲੋਮੀਟਰ ਲੰਮੇ ਚੱਲੇ ਇਸ ਵਿਸ਼ਾਲ ਮਾਰਚ ਉਪਰੰਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਚਲਾਕੀ ਤੋਂ ਸਭ ਵਾਕਫ਼ ਹਨ ਪਰ ਪੰਜਾਬ ਦੇ ਲੋਕਾਂ ਨੂੰ ਬਾਦਲਕਿਆਂ ਤੋਂ ਉਮੀਦ ਸੀ ਕਿ ਉਹ ਤਾਂ ਉਨ੍ਹਾਂ ਦੀ ਗੱਲ ਕਰਨਗੇ ਪਰ ਉਹ ਵੀ ਇਕ ਵਜ਼ੀਰੀ ਲਈ ਮੂੰਹ 'ਚ ਘੁੰਗਣੀਆਂ ਪਾ ਗਏ। ਉਨ੍ਹਾਂ ਕਿਹਾ ਕਿ ਹੁਣ ਇਹ ਕਿਸ ਗੱਲੋਂ ਅਮਿਤ ਨੂੰ ਸਿਰੋਪਾਓ ਦੇ ਰਹੇ ਸਨ ਜਦੋਂ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਤੇ ਜੀ.ਐੱਸ.ਟੀ. ਲਾਉਣ ਸਮੇਂ ਤਾਂ ਇਹ ਖ਼ੁਦ ਵੀ ਭਾਈਵਾਲ ਸਨ। ਸ਼੍ਰੀ ਜਾਖੜ ਨੇ ਕਿਹਾ ਕਿ ਮੋਦੀ ਨੂੰ ਕਿਸਾਨਾਂ ਬਾਰੇ ਕੁਝ ਪਤਾ ਹੀ ਨਹੀਂ ਕਿਉਂਕਿ ਉਹ ਤਾਂ ਦੇਸ਼ ਦਾ ਨਹੀਂ ਵਿਦੇਸ਼ ਦਾ ਵਾਸੀ ਬਣ ਗਿਆ ਹੈ। 'ਮੋਦੀ ਭਜਾਓ, ਰਾਹੁਲ ਲਿਆਓ-ਦੇਸ਼ ਬਚਾਓ' ਦਾ ਨਾਅਰਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਦੇਸ਼ 'ਚ ਮੋਦੀ ਸਰਕਾਰ ਰਹੀ ਤਾਂ ਨਾ ਗਰੀਬ ਰਹੇਗਾ, ਨਾ ਕਿਸਾਨ ਅਤੇ ਨਾ ਹੀ ਜਵਾਨ, ਇਸ ਲਈ ਹਰ ਵਰਗ ਦੀ ਕਦਰ ਕਰਨ ਵਾਲੇ ਸ਼੍ਰੀ ਰਾਹੁਲ ਗਾਂਧੀ ਨੂੰ ਲਿਆਉਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ  ਅੱਜ ਜਦੋਂ ਕੱਚੇ ਤੇਲ ਦੀ ਕੀਮਤ 69 ਡਾਲਰ ਹੈ ਤਾਂ ਡੀਜ਼ਲ 70 ਰੁਪਏ ਲਿਟਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਅਤੇ ਲੋਕਾਂ ਨੂੰ ਦੋਹੀਂ ਹੱਥੀਂ ਲੁੱਟ ਰਹੀ ਹੈ। ਇਸ ਲਈ ਲੋਕਾਂ ਨੂੰ ਹੁਣ ਜਾਗਣਾ ਹੀ ਪੈਣਾ ਹੈ। ਇਸ ਤੋਂ ਪਹਿਲਾਂ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ ਕਿ ਇਸ ਰੈਲੀ ਨੇ ਜਿਥੇ ਤੁਹਾਡੀ ਆਪਣੀ ਤਾਕਤ ਵਧਾਈ ਹੈ ਉਥੇ ਹੀ ਰਾਹੁਲ ਗਾਂਧੀ ਦੇ ਵੀ ਹੱਥ ਮਜ਼ਬੂਤ ਕੀਤੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਧਨ, ਨੋਟਬੰਦੀ, ਜੀ.ਐੱਸ.ਟੀ. ਕੀ ਹਰ ਗੱਲ 'ਤੇ ਲੋਕਾਂ ਨੂੰ ਬੇਵਕੂਫ਼ ਬਣਾਇਆ ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਨੂੰ ਚਲਦਾ ਕੀਤਾ ਜਾਵੇ। ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਧਾਇਕ ਜਲਾਲਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇੰਡੀਅਨ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਸ਼੍ਰ੍ਰੀ ਸ਼੍ਰੀਨਿਵਾਸ ਬੀ.ਵੀ.,  ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਦੀਪਇੰਦਰ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਹੈਰੀਮਾਨ, ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸਮੇਤ ਯੂਥ ਕਾਂਗਰਸ ਦੇ ਲੋਕ ਸਭਾ ਪਟਿਆਲਾ ਹਲਕਾ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ, ਯੂਥ ਕਾਂਗਰਸ ਦੇ ਸੀਨੀਅਰ ਆਗੂ ਨਿਰਭੈ ਸਿੰਘ ਮਿਲਟੀ, ਗਗਨਦੀਪ ਸਿੰਘ ਜੌਲੀ, ਮੋਹਿਤ ਮਹਿੰਦਰਾ, ਰਿੱਕੀ ਮਾਨ, ਉਦੇਵੀਰ ਸਿੰਘ ਢਿੱਲੋਂ, ਵਿਜੇ ਕੁਮਾਰ ਕੂਕਾ, ਨਿਖਿਲ ਕਾਕਾ ਸਮੇਤ ਵੱਡੀ ਗਿਣਤੀ 'ਚ ਯੂਥ ਕਾਂਗਰਸ ਦੇ ਆਗੂ ਮੌਜੂਦ ਰਹੇ, ਇਨ੍ਹਾਂ ਦੀ ਮਿਹਨਤ ਦੀ ਬਦੌਲਤ ਇਹ ਮਾਰਚ ਬੇਹੱਦ ਕਾਮਯਾਬ ਰਿਹਾ। ਇਸ ਸਮੇਂ ਗੁਰਦੀਪ ਸਿੰਘ ਊਂਟਸਰ, ਨਰਭਿੰਦਰ ਸਿੰਘ ਭਿੰਦਾ, ਗੁਰਜੀਤ ਸਿੰਘ, ਹਰਪ੍ਰੀਤ ਢਿੱਲੋਂ, ਵਿਕਰਮ ਪਹਿਲਵਾਨ, ਬਲਵਿੰਦਰ ਸਿੰਘ ਬਨੂੜ, ਨਰਿੰਦਰ ਸ਼ਾਸਤਰੀ, ਬਲਦੇਵ ਸਿੰਘ, ਜਸਵਿੰਦਰ ਜੁਲਕਾ, ਮਨਜਿੰਦਰ ਫਰਾਂਸਵਾਲਾ ਸਮੇਤ ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸ ਅਤੇ ਯੂਥ ਕਾਂਗਰਸ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਪੁੱਜੇ ਹੋਏ ਸਨ।


Related News