90 ਹਜ਼ਾਰ ਕਰੋੜ ਦਾ ਵਾਅਦਾ ਕਰਕੇ ਸਿਰਫ 167 ਕਰੋੜ ਕੀਤੇ ਮੁਆਫ : ਸੁਖਬੀਰ

Monday, Jan 08, 2018 - 07:45 PM (IST)

90 ਹਜ਼ਾਰ ਕਰੋੜ ਦਾ ਵਾਅਦਾ ਕਰਕੇ ਸਿਰਫ 167 ਕਰੋੜ ਕੀਤੇ ਮੁਆਫ : ਸੁਖਬੀਰ

ਚੰਡੀਗੜ੍ਹ : ਕੈਪਟਨ ਸਰਕਾਰ ਵਲੋਂ ਕਿਸਾਨ ਕਰਜ਼ਾ ਮੁਆਫੀ ਲਈ ਜਾਰੀ ਕੀਤੀ ਗਈ ਪਹਿਲੀ ਕਿਸ਼ਤ ਨੂੰ ਸੁਖਬੀਰ ਬਾਦਲ ਨੇ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਿਆ ਹੈ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਨੇ ਕਿਹਾ ਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਫਤਰ ਵਿਚ ਬੈਠ ਕੇ ਟੀ. ਵੀ. 'ਤੇ ਕਿਹਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਸਾਰੇ ਕਿਸਾਨਾਂ ਆੜ੍ਹਤੀਆ ਦਾ, ਸਰਕਾਰੀ ਬੈਂਕਾਂ ਦਾ ਅਤੇ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਮੁਆਫ ਕਰਨਗੇ ਜਦਕਿ ਹੁਣ ਜੋ ਕੁਝ ਕਾਂਗਰਸ ਨੇ ਕੀਤਾ ਹੈ, ਇਹ ਕਿਸਾਨਾਂ ਨਾਲ ਵੱਡਾ ਧੋਖਾ ਹੈ।
ਸੁਖਬੀਰ ਨੇ ਕਿਹਾ ਕਿ ਬੇਅਦਬੀ ਅਤੇ ਝੂਠੇ ਮਾਮਲਿਆਂ ਨੂੰ ਲੈ ਕੇ ਬਣਾਏ ਗਏ ਜਸਟਿਸ ਮਹਿਤਾਬ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਂਗਰਸ ਦਾ ਕਮਿਸ਼ਨ ਹਨ। ਇਸ ਤੋਂ ਪਹਿਲਾਂ ਜਦੋਂ ਇਹ ਹਾਈਕੋਰਟ ਦੇ ਜੱਜ ਸਨ ਤਾਂ ਅਕਾਲੀ ਦਲ ਇਨ੍ਹਾਂ ਦਾ ਵਿਰੋਧ ਕਰਦਾ ਸੀ। ਸੁਖਬੀਰ ਨੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਸੁਨੀਲ ਜਾਖੜ ਨੇ ਜਸਟਿਸ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਦਾ ਫੈਸਲਾ ਸੁਣਾ ਦਿੱਤਾ, ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਪਹਿਲਾਂ ਤੋਂ ਤੈਅ ਸੀ।
ਸੁਖਬੀਰ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਉਨ੍ਹਾਂ ਸਾਰੇ ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਕਰਜ਼ਾ ਮੁਆਫੀ ਦੇ ਪ੍ਰੋਗਰਾਮ ਵਿਚ ਸਟੇਜ ਸਾਂਝੀ ਕੀਤੀ। ਸੁਖਬੀਰ ਨੇ ਕਿਹਾ ਕਿ ਕਿਸਾਨਾਂ ਨਾਲ ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ ਕਿ 90 ਹਜ਼ਾਰ ਕਰੋੜ ਦਾ ਵਾਅਦਾ ਕਰਕੇ ਸਿਰਫ 167 ਕਰੋੜ ਦਾ ਕਰਜ਼ਾ ਮੁਆਫ ਕਰਨਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਾਅਦਾ ਖਿਲਾਫੀ ਦੇ ਚੱਲਦੇ ਅਕਾਲੀ-ਭਾਜਪਾ ਦਾ ਵਫਦ 12 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਜਾਵੇਗੀ।
ਅਮਰੀਕਾ ਦੇ ਗੁਰਦੁਆਰਾ ਵਿਚ ਭਾਰਤੀ ਅਧਿਕਾਰੀਆਂ ਦੇ ਬੈਨ ਨੂੰ ਸੁਖਬੀਰ ਬਾਦਲ ਨੇ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਗੁਰੂ ਘਰ ਸਾਰਿਆਂ ਦੇ ਸਾਂਝੇ ਹਨ, ਇਸ ਲਈ ਕੋਈ ਵੀ ਕਿਸੇ ਨੂੰ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦਾ।


Related News