ਕਾਂਗਰਸੀ ਸਰਪੰਚ ਨੇ ਆਪਣੀ ਹੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
Monday, Nov 25, 2019 - 06:33 PM (IST)
ਸੰਗਰੂਰ (ਰਾਜੇਸ਼ ਕੋਹਲੀ) : ਵਿਰੋਧੀ ਧਿਰਾਂ ਤਾਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੀਆਂ ਹੀ ਹਨ ਪਰ ਸੰਗਰੂਰ ਦੇ ਪਿੰਡ ਨਾਗਰਾ ਤੋਂ ਕਾਂਗਰਸੀ ਸਰਪੰਚ ਪਰਮਜੀਤ ਕੌਰ ਨੇ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮਹਿਲਾ ਸਰਪੰਚ ਦਾ ਦੋਸ਼ ਹੈ ਕਿ ਪਿੰਡ 'ਚ ਮੌਜੂਦਾ ਸਰਪੰਚਣੀ ਤਾਂ ਮੈਂ ਹਾਂ ਪਰ ਚੱਲਦੀ ਸਾਬਕਾ ਅਕਾਲੀ ਸਰਪੰਚ ਦੀ ਹੈ। ਕਾਂਗਰਸੀ ਸਰਪੰਚ ਨੇ ਮਾਮਲਾ ਦੱਸਦੇ ਹੋਏ ਆਖਿਆ ਕਿ ਪਿੰਡ 'ਚ ਇੰਟਰਲੋਕ ਟਾਈਲਾਂ ਲੱਗਣੀਆਂ ਸਨ ਪਰ ਅਕਾਲੀ ਸਰਪੰਚ ਨੇ ਉਸਦੀਆਂ ਟਾਈਲਾਂ ਚੋਰੀ ਕਰਕੇ ਆਪਣੇ ਕਬਜ਼ੇ 'ਚ ਲੈ ਲਈਆਂ ਹਨ। ਉਸਨੇ ਇਸਦੀ ਸ਼ਿਕਾਇਤ ਸੰਗਰੂਰ ਡੀ. ਸੀ. ਨੂੰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਅਕਾਲੀ ਸਰਪੰਚ ਦਾ ਆਖਣਾ ਹੈ ਕਿ ਉਸਨੇ ਸੀ. ਐੱਮ. ਦਫਤਰ ਤੋਂ ਫੋਨ ਕਰਵਾ ਕੇ ਉਸ 'ਤੇ ਕਾਰਵਾਈ ਕਰਨ ਤੋਂ ਰੋਕਿਆ ਹੈ।
ਆਪਣੀ ਪਾਰਟੀ ਖਿਲਾਫ ਇਸ ਮਹਿਲਾ ਸਰਪੰਚ ਦੀ ਬਗਾਵਤ ਕਈ ਸਵਾਲ ਖੜੇ ਕਰਦੀ ਹੈ। ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਇਹ ਮਾਮਲਾ ਕੀ ਨਵਾਂ ਮੋੜ ਲੈਂਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅੱਜ ਕੱਲ ਕਾਂਗਰਸ ਵਿਚ ਕੁਝ ਚੰਗਾ ਨਹੀਂ ਚੱਲ ਰਿਹਾ ਸੀ, ਇਸ ਤੋਂ ਪਹਿਲਾਂ ਰਾਜਪੁਰਾ ਦੇ ਵਿਧਾਇਕ ਵੀ ਸਰਕਾਰ ਖਿਲਾਫ ਆਪਣੀ ਨਾਰਾਜ਼ਗੀ ਜਨਤਕ ਤੌਰ 'ਤੇ ਜ਼ਾਹਰ ਕਰ ਚੁੱਕੇ ਹਨ।