ਘਰਾਂ ਦੀਆਂ ਛੱਤਾਂ ''ਤੇ ਅੱਜ ਤਿਰੰਗਾ ਲਹਿਰਾ ਕੇ ਕਾਂਗਰਸ ਕਰੇਗੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ

05/01/2020 11:19:55 AM

ਜਲੰਧਰ (ਧਵਨ)— ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੋਰੋਨਾ ਵਾਇਰਸ ਸੰਕਟ ਦੇ ਬਾਵਜੂਦ ਫੰਡਾਂ ਦੀ ਵੰਡ ਨੂੰ ਲੈ ਕੇ ਕੀਤੇ ਜਾ ਰਹੇ ਭੇਦਭਾਵ ਦੇ ਖਿਲਾਫ ਪੰਜਾਬ ਕਾਂਗਰਸ 1 ਮਈ ਨੂੰ ਲੇਬਰ ਡੇਅ ਦੇ ਮੌਕੇ 'ਤੇ ਪ੍ਰਦਰਸ਼ਨ ਕਰੇਗੀ, ਜਿਸ ਤਹਿਤ ਕਾਂਗਰਸ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਅਤੇ ਛੱਤਾਂ 'ਤੇ ਤਿਰੰਗਾ ਲਹਿਰਾਉਣ ਲਈ ਕਿਹਾ ਹੈ ਤਾਂ ਕਿ ਉਸ ਦੀ ਗੂੰਜ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ।

ਪੰਜਾਬ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜਨੇ ਲਈ ਕੋਈ ਪੈਕੇਜ ਨਹੀਂ ਦਿੱਤਾ ਗਿਆ ਹੈ। ਪੈਕੇਜ ਦੇਣਾ ਦੂਰ ਦੀ ਗੱਲ ਹੈ, ਕੇਂਦਰ ਸਰਕਾਰ ਨੇ ਪੰਜਾਬ ਨੂੰ ਉਸ ਦਾ ਬਣਦਾ ਜੀ. ਐੱਸ. ਟੀ. ਦਾ ਬਕਾਇਆ ਵੀ ਰਿਲੀਜ਼ ਨਹੀਂ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਹ ਰਾਸ਼ੀ ਰਿਲੀਜ਼ ਕਰਨ ਦੀ ਮੰਗ ਕੇਂਦਰ ਸਰਕਾਰ ਦੇ ਸਾਹਮਣੇ ਕਰ ਚੁੱਕੇ ਹਨ।

ਜਾਖੜ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਪੰਜਾਬ ਦੇ ਮੰਤਰੀ ਸੂਬੇ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ ਦੀ ਥਾਂ ਆਪਣੇ ਨਿੱਜੀ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੋ ਕੇ ਉਲਟਾ ਪੰਜਾਬ ਦੀਆਂ ਮੰਗਾਂ ਦਾ ਹੀ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ 'ਚ ਸਹਿਯੋਗੀ ਪਾਰਟੀ ਹੈ ਪਰ ਉਸ ਨੇ ਪੰਜਾਬ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।

ਜਾਖੜ ਨੇ ਕਿਹਾ ਕਿ ਕੋਰਨਾ ਵਾਇਰਸ ਦੇ ਕਾਰਣ ਆਈ ਆਰਥਿਕ ਮੰਦੀ 'ਚੋਂ ਨਿਕਲਣ ਦਾ ਰਸਤਾ ਪੰਜਾਬ 'ਚੋਂ ਹੋ ਕੇ ਜਾਂਦਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ 'ਚ ਸੌੜੀ ਸਿਆਸਤ ਕਰਨ ਦੀ ਥਾਂ ਪੰਜਾਬ ਨੂੰ ਜੀ. ਐੱਸ. ਟੀ. ਦਾ ਬਕਾਇਆ ਰਿਲੀਜ਼ ਕਰੇ ਤਾਂ ਕਿ ਸੂਬਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਸਮੂਹ ਪੰਜਾਬੀ 1 ਮਈ ਨੂੰ ਪੰਜਾਬ ਸਰਕਾਰ ਦੀ ਇਸ ਮੰਗ ਦਾ ਸਮਰਥਨ ਕਰਦੇ ਹੋਏ ਕੇਂਦਰ ਦੇ ਪ੍ਰਤੀ ਆਪਣਾ ਰੋਸ ਘਰਾਂ ਤੋਂ ਪ੍ਰਗਟਾਉਣ ਅਤੇ ਘਰਾਂ 'ਚ ਹੀ ਤਿਰੰਗਾ ਲਹਿਰਾਉਣ। ਉਨ੍ਹਾਂ ਨੇ ਕਿਹਾ ਕਿ ਤਿਰੰਗਾ ਲਹਿਰਾਉਂਦੇ ਸਮੇਂ ਰਾਸ਼ਟਰੀ ਝੰਡੇ ਦਾ ਪੂਰਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਕੋਲ ਤਿਰੰਗਾ ਨਹੀਂ ਹੈ ਉਹ ਨਾਅਰੇ ਲਗਾ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ। ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਸੂਬੇ ਨਾਲ ਬੇਇਨਸਾਫੀ ਨਹੀਂ ਹੋਣ ਦੇਵੇਗੀ ਅਤੇ ਆਪਣੀ ਆਵਾਜ਼ ਬੁਲੰਦ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਮਾਰੀ ਦੇ ਸੰਕਟ ਨੂੰ ਦੇਖਦੇ ਹੋਏ ਪੰਜਾਬ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਹਾਮਾਰੀ ਦੇ ਸੰਕਟ ਦੇ ਸਮੇਂ ਪੰਜਾਬ ਨੂੰ ਬਚਾਉਣ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ।


shivani attri

Content Editor

Related News