ਕੈਪਟਨ ਦਾ ਗੜ੍ਹ ਤੋੜਨ ਦੀ ਤਿਆਰੀ ’ਚ ਕਾਂਗਰਸ, ਇਸ ‘ਸਟਾਰ’ ਨੂੰ ਉਤਾਰਿਆ ਜਾ ਸਕਦੈ ਮੈਦਾਨ ’ਚ

Tuesday, Mar 12, 2024 - 06:09 PM (IST)

ਪਟਿਆਲਾ (ਬਲਜਿੰਦਰ) : ਲੋਕ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਸਮੁੱਚੀਆਂ ਰਾਜਨੀਤਕ ਪਾਰਟੀਆਂ ਆਪਣੇ-ਆਪਣੇ ਦਾਅ-ਪੇਚ ਖੇਡ ਰਹੀਆਂ ਹਨ। ਇਸ ਦੌਰਾਨ ਕਾਂਗਰਸ ਲੋਕ ਸਭਾ ਹਲਕਾ ਪਟਿਆਲਾ ’ਚੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਗੜ੍ਹ ਤੋੜਨ ਲਈ ਫ਼ਿਲਮ ਸਟਾਰ ਰਾਜ ਬੱਬਰ ’ਤੇ ਦਾਅ ਖੇਡਣ ਦੀ ਰਣਨੀਤੀ ਅਪਣਾ ਰਹੀ ਹੈ। ਜਾਣਕਾਰੀ ਮੁਤਾਬਕ ਫ਼ਿਲਮ ਸਟਾਰ ਰਾਜ ਬੱਬਰ ਇਸ ਮਾਮਲੇ ’ਚ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਕਰ ਚੁੱਕੇ ਹਨ। ਕਾਂਗਰਸ ਪਟਿਆਲਾ ਲੋਕ ਸਭਾ ਹਲਕੇ ਤੋਂ ਟਿਕਟ ਕਿਸ ਨੂੰ ਮਿਲੇ, ਇਸ ਨੂੰ ਲੈ ਕੇ ਦੁਚਿੱਤੀ ’ਚ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਨ੍ਹੀਂ ਦਿਨੀਂ ਅੰਮ੍ਰਿਤਸਰ ਛੱਡ ਕੇ ਪਟਿਆਲਾ ’ਚ ਡੇਰਾ ਲਗਾ ਕੇ ਬੈਠੇ ਹਨ। ਦੂਸਰੇ ਪਾਸੇ ਹਾਲ ਹੀ ’ਚ ਸਾਬਕਾ ਕਾਂਗਰਸੀ ਵਿਧਾਇਕਾਂ ਨੇ 7 ਵਾਰ ਦੇ ਵਿਧਾਇਕ ਅਤੇ ਲਗਭਗ ਸਮੁੱਚੇ ਮਹਿਕਮਿਆਂ ਦੇ ਮੰਤਰੀ ਰਹਿ ਚੁੱਕੇ ਲਾਲ ਸਿੰਘ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨਾਲ ਮੀਟਿੰਗ ਕਰ ਚੁੱਕੇ ਹਨ। 

ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਖ਼ੁਲਾਸਾ, ਪੰਜਾਬ ’ਚ ਸਰਕਾਰ ਡੇਗਣ ਦੀ ਕੋਸ਼ਿਸ਼, ਵਿਧਾਇਕਾਂ ਨਾਲ ਕੀਤਾ ਜਾ ਰਿਹੈ ਸੰਪਰਕ

ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਹਾਇਕ ਖਜ਼ਾਨਚੀ ਅਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਵੀ ਜਿੱਥੇ ਪਟਿਆਲਾ ’ਚ ਪਿਛਲੇ ਕੁਝ ਸਮੇਂ ਦੌਰਾਨ ਗਤੀਵਿਧੀਆਂ ਵਧਾਈਆਂ ਹੋਈਆਂ ਹਨ, ਉੱਥੇ ਦੇਵੀਗੜ੍ਹ ਵਿਖੇ ਹਾਲ ਹੀ ’ਚ ਚੌਧਰੀ ਨਿਰਮਲ ਸਿੰਘ ਭੱਟੀਆਂ ਵੱਲੋਂ ਸਚਿਨ ਪਾਇਲਟ ਦੇ ਸਨਮਾਨ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਹਨ, ਕਾਂਗਰਸ ਉਨ੍ਹਾਂ ਦਾ ਤੋੜ ਲੱਭ ਰਹੀ ਹੈ, ਜਿਸ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਲੋਂ ਪਿਛਲੇ 3 ਦਿਨਾਂ ਤੋਂ ਕਿਸੇ ਵੱਡੇ ਸਿਤਾਰੇ ਨੂੰ ਪਟਿਆਲਾ ਨੂੰ ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਤਹਿਤ ਪ੍ਰਸਿੱਧ ਅਦਾਕਾਰ ਰਾਜ ਬੱਬਰ ਦਾ ਨਾਂ ਉਭਰ ਕੇ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਕਈ ਸਾਲਾ ਤੋਂ ਮੇਰੇ ਨਾਲ ਰਿਲੇਸ਼ਨ ’ਚ ਸੀ ਸ਼ਰਨਜੀਤ, ਸਾਲੀ ਦੇ ਕਤਲ ਤੋਂ ਬਾਅਦ ਜੀਜੇ ਦਾ ਵੱਡਾ ਬਿਆਨ

ਇਸ ਮਾਮਲੇ ’ਚ ਉਨ੍ਹਾਂ ਨੇ ਕੇ. ਸੀ. ਵੇਨੂੰ ਗੋਪਾਲ ਅਤੇ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਕਰ ਚੁੱਕੇ ਹਨ ਕਿਉਂਕਿ ਰਾਜ ਬੱਬਰ ਦਾ ਪਟਿਆਲਾ ਨਾਲ ਪੁਰਾਣਾ ਨਾਤਾ ਹੈ। ਉਹ ਇਕ ਦਰਜਨ ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕਰ ਚੁੱਕੇ ਹਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ’ਚ ਰਾਜ ਬੱਬਰ ਪਟਿਆਲਾ ਰਹੇ ਹਨ ਅਤੇ ਪਟਿਆਲਵੀਆਂ ਨਾਲ ਉਨ੍ਹਾਂ ਦੀ ਸਾਂਝ ਵੀ ਹੈ। ਇੱਥੇ ਉਨ੍ਹਾਂ ਨੇ ਥੀਏਟਰ ’ਚ ਵੀ ਕੰਮ ਕੀਤਾ ਹੈ। ਕਾਂਗਰਸ ਪਾਰਟੀ ਪਟਿਆਲਾ ਨਾਲ ਉਨ੍ਹਾਂ ਦੀ ਨੇੜਤਾ ਦਾ ਲਾਭ ਲੈਣ ਲਈ ਪਹਿਲਾਂ ਵੀ ਰਾਜ ਬੱਬਰ ਨੂੰ ਪ੍ਰਚਾਰ ਲਈ ਚੋਣਾਂ ਦੌਰਾਨ ਪਟਿਆਲਾ ਬੁਲਾ ਚੁੱਕੀ ਹੈ।

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਸ਼ਰੇਆਮ ਸਰਪੰਚ ਨੇ ਮਾਰ ਦਿੱਤੀ ਗੋਲ਼ੀ

ਦੂਜੇ ਪਾਸੇ ਕਾਂਗਰਸ ਆਪਣੀ ਧੜੇਬੰਦੀ ਨੂੰ ਖ਼ਤਮ ਕਰਨ ਅਤੇ ਨਿਊ ਮੋਤੀ ਮਹਿਲ ਦਾ ਗਲਬਾ ਤੋੜਨ ਦੀ ਕਿਸੇ ਵੱਡੇ ਨਾਂ ਦੀ ਭਾਲ ’ਚ ਸੀ। ਫਿਲਹਾਲ ਇਹ ਨਾਂ ਰਾਜ ਬੱਬਰ ਦੇ ਰੂਪ ’ਚ ਉਭਰ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ। ਰਾਜ ਬੱਬਰ ਕੋਲ ਲੰਮਾਂ ਰਾਜਨੀਤਕ ਤਜਰਬਾ ਵੀ ਹੈ। ਉਹ ਰਾਜ ਸਭਾ ਅਤੇ ਲੋਕ ਸਭਾ ਦੋਹਾਂ ’ਚ ਚੁਣ ਕੇ ਲੋਕਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੂੰ ਚੋਣਾਂ ਲੜਨ ਅਤੇ ਸਮੁੱਚੀ ਲੀਡਰਸ਼ਿਪ ਅਤੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਤਜਰਬਾ ਵੀ ਹੈ। ਇਸ ਦੇ ਨਾਲ-ਨਾਲ ਉਹ ਉੱਤਰ ਪ੍ਰਦੇਸ਼ ’ਚ ਕਾਂਗਰਸ ਦਾ ਸੰਗਠਨ ਵੀ ਚਲਾ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਦਾ ਗਿਆਨ ਵੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਾਂਗਰਸ ਛੱਡਣ ਤੋਂ ਬਾਅਦ ਪਟਿਆਲਾ ’ਚ ਕਾਂਗਰਸ ਪੈਂਠ ਪਹਿਲਾਂ ਵਰਗੀ ਨਹੀਂ ਰਹੀ ਹੈ। ਰਾਜ ਬੱਬਰ ਚੰਨ ਪ੍ਰਦੇਸੀ, ਲੌਂਗ ਦਾ ਲਿਸ਼ਕਾਰਾ, ਮੜ੍ਹੀ ਦਾ ਦੀਵਾ ਸਮੇਤ ਕਈ ਆਧੁਨਿਕ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਪੰਜਾਬੀ ’ਤੇ ਚੰਗੀ ਪਕੜ ਵੀ ਹੈ। ਉਨ੍ਹਾਂ ਦੇ ਪੁੱਤਰ ਆਰਿਆ ਬੱਬਰ ਅਤੇ ਬੇਟੀ ਜੂਹੀ ਬੱਬਰ ਪੰਜਾਬੀ ਫ਼ਿਲਮਾਂ ਤੇ ਪ੍ਰਤੀਕ ਬੱਬਰ ਹਿੰਦੀ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਤਿੰਨਾਂ ਦਾ ਆਪਣਾ ਫ਼ਿਲਮ ਇੰਡਸਟ੍ਰੀ ਵਿਚ ਨਾਂ ਹੈ।

ਇਹ ਵੀ ਪੜ੍ਹੋ : ਮਾਤਾ ਚਰਨ ਕੌਰ ਹਸਪਤਾਲ 'ਚ ਦਾਖਲ ! ਮੂਸੇਵਾਲਾ ਦੀ ਹਵੇਲੀ 'ਚ ਗੂੰਜਣ ਵਾਲੀਆਂ ਕਿਲਕਾਰੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News